ਜ਼ੀਰਕਪੁਰ : ਜ਼ੀਰਕਪੁਰ ਪੰਚਕੂਲਾ ਸੜਕ ’ਤੇ ਸਥਿਤ ਹੋਟਲ ਆਰਜ਼ੂ ਵਿਚ ਬੀਤੀ ਦੇਰ ਰਾਤ ਫਰਿੱਜ ਤੋਂ ਕਰੰਟ ਲੱਗਣ ਕਾਰਨ ਜ਼ੀਰਕਪੁਰ ਦੀ ਅੰਬੇਦਕਰ ਕਲੋਨੀ ਦੇ ਵਸਨੀਕ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੂੰ ਕਾਰਵਾਈ ਦੀ ਗੁਹਾਰ ਲਗਾ ਰਹੇ ਪੀੜਤ ਪਰਿਵਾਰ ਨੂੰ ਜਦੋਂ ਪੁਲੀਸ ਤੋਂ ਕਾਰਵਾਈ ਦੀ ਉਮੀਦ ਨਹੀਂ ਰਹੀ ਤਾਂ ਲੋਕਾਂ ਨੇ ਮਿਲ ਕੇ ਜ਼ੀਰਕਪੁਰ ਪੰਚਕੂਲਾ ਸੜਕ ’ਤੇ ਆਵਾਜਾਈ ਜਾਮ ਲਗਾ ਦਿੱਤਾ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ (20) ਪੁੱਤਰ ਸਵਰਗੀ ਰਾਮ ਬਲੀ ਵਾਸੀ ਅੰਬੇਦਕਰ ਕਲੋਨੀ ਜ਼ੀਰਕਪੁਰ ਇੱਥੇ ਜ਼ੀਰਕਪੁਰ ਪੰਚਕੂਲਾ ਸੜਕ 'ਤੇ ਸਥਿਤ ਹੋਟਲ ਆਰਜ਼ੂ ਵਿਚ ਕੰਮ ਕਰਦਾ ਸੀ । ਬੀਤੀ ਦੇਰ ਰਾਤ ਖਾਣਾ ਬਣਾਉਣ ਸਮੇਂ ਜਦੋਂ ਉਹ ਹੋਟਲ ਵਿੱਚ ਰੱਖੇ ਫਰਿੱਜ ਤੋਂ ਸਾਮਾਨ ਕੱਢਣ ਲੱਗਿਆ ਤਾਂ ਉਸ ਨੂੰ ਫਰਿੱਜ ਤੋਂ ਕਰੰਟ ਲੱਗ ਗਿਆ।
ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਤੇ ਸੁਨੀਲ ਕੁਮਾਰ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ 6 ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਸੁਨੀਲ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਵੱਲੋਂ ਹੋਟਲ ਮਾਲਕ ਅਤੇ ਹੋਟਲ ਮੈਨੇਜਰ ਖ਼ਿਲਾਫ਼ ਕਾਰਵਾਈ ਕਰਨ ਦੇ ਭਰੋਸਾ ਦੇਣ ਤੋਂ ਬਾਅਦ ਲੋਕਾਂ ਨੇ ਆਵਾਜਾਈ ਜਾਮ ਖੋਲਿਆ ਪਰ ਦੇਰ ਸ਼ਾਮ ਹੋਟਲ ਮਾਲਕ ਨੇ 20 ਸਾਲ ਦੇ ਨੌਜਵਾਨ ਦੀ ਜਾਨ ਦੀ ਕੀਮਤ 4 ਲੱਖ ਰੁਪਏ ਲਗਾ ਕੇ ਪੀੜਤ ਪਰਿਵਾਰ ਨਾਲ ਫੈਸਲਾ ਕਰ ਲਿਆ।