ਹੇਰਾਤ : ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਸਜ਼ਾ ਦਾ ਦੌਰ ਸ਼ੁਰੂ ਹੋ ਗਿਆ ਹੈ। ਤਾਜ਼ਾ ਮਾਮਲਾ ਪਛਮੀ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ਦਾ ਹੈ। ਤਾਲਿਬਾਨ ਪੁਲਿਸ ਨੇ ਸ਼ਨੀਵਾਰ ਨੂੰ ਹੇਰਾਤ ਸ਼ਹਿਰ ਦੇ ਮੁੱਖ ਚੌਕ ਵਿਚ ਦਿਨ ਦਿਹਾੜੇ ਚਾਰ ਲੋਕਾਂ ਨੂੰ ਗੋਲੀ ਮਾਰ ਦਿਤੀ। ਫਿਰ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਘੰਟਿਆਂ ਤਕ ਲਟਕਾਇਆ ਗਿਆ। ਚਾਰਾਂ ’ਤੇ ਅਗਵਾ ਕਰਨ ਦਾ ਦੋਸ਼ ਸੀ।
ਇਕ ਚਸ਼ਮਦੀਦ ਗਵਾਹ ਵਜ਼ੀਰ ਅਹਿਮਦ ਸਿੱਦੀਕੀ ਨੇ ਐਸੋਸੀਏਟਡ ਪ੍ਰੈੱਸ ਨੂੰ ਦਸਿਆ ਕਿ ਕਥਿਤ ਤਾਲਿਬਾਨ ਪੁਲਿਸ ਚਾਰ ਲਾਸ਼ਾਂ ਨੂੰ ਚੌਰਾਹੇ ’ਤੇ ਲੈ ਕੇ ਆਈ ਅਤੇ ਇਕ ਨੂੰ ਕਰੇਨ ਨਾਲ ਲਟਕਾ ਦਿਤਾ ਗਿਆ। ਲਾਸ਼ਾਂ ਘੰਟਿਆਂ ਤਕ ਹਵਾ ਵਿਚ ਝੂਲਦੀ ਰਹੀ। ਉਸਦੇ ਗਲੇ ਵਿਚ ਇਕ ਤਖ਼ਤੀ ਵੀ ਲਟਕਾਈ ਹੋਈ ਸੀ, ਜਿਸ ਵਿਚ ਪਸਤੋ ’ਚ ਕੁੱਝ ਲਿਖਿਆ ਹੋਇਆ ਸੀ। ਤਾਲਿਬਾਨ ਬਾਕੀ ਤਿੰਨ ਲਾਸ਼ਾਂ ਨੂੰ ਸ਼ਹਿਰ ਦੇ ਇਕ ਹੋਰ ਚੌਕ ਵਿਚ ਲੈ ਗਿਆ। ਉਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਵੀ ਇਹੀ ਸਜ਼ਾ ਦਿਤੀ ਜਾਵੇਗੀ।
ਸਿੱਦੀਕੀ ਨੇ ਦਸਿਆ ਕਿ ਤਾਲਿਬਾਨੀ ਚਾਰਾਂ ਲਾਸ਼ਾਂ ਨੂੰ ਜਾਨਵਰਾਂ ਵਾਂਗ ਇਕ ਪਿਕਅਪ ਵਿਚ ਸੱਟ ਕੇ ਚੁਰਾਹੇ ’ਤੇ ਲਿਆਂਦਾ। ਕੁੱਝ ਹੀ ਸਮੇਂ ਵਿਚ ਹਜ਼ਾਰਾਂ ਲੋਕ ਇਥੇ ਇਕੱਠੇ ਹੋ ਗਏ। ਇਸ ਤੋਂ ਬਾਅਦ ਇਕ ਤਾਲਿਬਾਨੀ ਨੇ ਮਾਈਕ ਤੋਂ ਲੋਕਾਂ ਨੂੰ ਦਸਿਆ ਕਿ ਇਹ ਚਾਰ ਅਗਵਾ ਕਰਨ ਵਿਚ ਸ਼ਾਮਲ ਸਨ। ਉਨ੍ਹਾਂ ਨੂੰ ਪੁਲਿਸ ਨੇ ਮਾਰ ਦਿਤਾ ਹੈ।
ਹਾਲਾਂਕਿ, ਤਾਲਿਬਾਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਚਾਰਾਂ ਨੂੰ ਇਕ ਮੁਕਾਬਲੇ ਵਿਚ ਮਾਰਿਆ ਗਿਆ ਸੀ ਜਾਂ ਗਿ੍ਰਫ਼ਤਾਰ ਕੀਤੇ ਜਾਣ ਤੋਂ ਬਾਅਦ ਗੋਲੀ ਮਾਰ ਦਿਤੀ ਗਈ ਸੀ। ਜਿਸ ਜਗ੍ਹਾ ਉਨ੍ਹਾਂ ਨੂੰ ਮਾਰਿਆ ਗਿਆ ਸੀ, ਉਸ ਬਾਰੇ ਵੀ ਜਾਣਕਾਰੀ ਨਹੀਂ ਦਿਤੀ ਗਈ। ਹਾਲਾਂਕਿ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਭੀੜ ਦੇ ਸਾਹਮਣੇ ਗੋਲੀ ਮਾਰੀ ਸੀ।
ਗਲਾ ਅਤੇ ਹੱਥ ਵੱਢਣ ਵਰਗੀ ਸਜ਼ਾ ਜ਼ਰੂਰੀ ਹੈ : ਮੁੱਲਾ ਨੂਰੂਦੀਨ ਤੁਰਬੀ
ਇਕ ਦਿਨ ਪਹਿਲਾਂ ਹੀ ਤਾਲਿਬਾਨ ਦੇ ਸੰਸਥਾਪਕ ਮੈਂਬਰ ਮੁੱਲਾ ਨੂਰੂਦੀਨ ਤੁਰਬੀ ਨੇ ਨਿਊਜ਼ ਏਜੰਸੀ ਏਪੀ ਨੂੰ ਦਿਤੀ ਇੰਟਰਵਿਊ ਵਿਚ ਕਿਹਾ ਸੀ ਕਿ ਗ਼ਲਤ ਕੰਮ ਕਰਨ ਵਾਲਿਆਂ ਦੇ ਕਤਲ ਅਤੇ ਸਰੀਰਕ ਅੰਗਾਂ ਦੇ ਵੱਡੇ ਦਾ ਯੁੱਗ ਛੇਤੀ ਹੀ ਵਾਪਸ ਆ ਜਾਵੇਗਾ, ਪਰ ਇਸ ਵਾਰ ਸ਼ਾਇਦ ਇਹ ਜਨਤਕ ਨਾ ਹੋਵੇ।
ਤੁਰਬੀ ਦਾ ਕਹਿਣਾ ਹੈ ਕਿ ਸੁਰੱਖਿਆ ਲਈ ਹੱਥ ਕੱਟਣੇ ਬਹੁਤ ਜ਼ਰੂਰੀ ਹਨ, ਕਿਉਂਕਿ ਅਜਿਹੀਆਂ ਸਜ਼ਾਵਾਂ ਲੋਕਾਂ ਵਿਚ ਡਰ ਵਧਾਉਂਦੀਆਂ ਹਨ। ਤਾਲਿਬਾਨ ਕੈਬਨਿਟ ਵਿਚਾਰ ਕਰ ਰਹੀ ਹੈ ਕਿ ਕੀ ਅਜਿਹੀਆਂ ਸਜ਼ਾਵਾਂ ਜਨਤਕ ਤੌਰ ’ਤੇ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ ਅਤੇ ਇਸ ਦੀ ਨੀਤੀ ਛੇਤੀ ਹੀ ਬਣਾ ਦਿਤੀ ਜਾਵੇਗੀ।