ਵਾਸ਼ਿੰਗਟਨ : ਦੁਨੀਆਂ ਵਿਚ ਕੋਰੋਨਾ ਦਾ ਕਹਿਰ ਹਾਲ ਦੀ ਘੜੀ ਜਾਰੀ ਹੈ ਪਰ ਅਮਰੀਕਾ ਵਿਚ ਇਸ ਦਾ ਕਹਿਰ ਇਕ ਵਾਰ ਫਿਰ ਵੱਧ ਰਿਹਾ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਕੋਰੋਨਾ ਨਾਲ ਤਕਰੀਬਨ ਰੋਜ਼ਾਨਾ ਔਸਤਨ ਦੋ ਹਜ਼ਾਰ ਮੌਤਾਂ ਹੋ ਰਹੀਆਂ ਹਨ ਅਤੇ ਵਾਇਰਸ ਦੇ 99 ਫ਼ੀ ਸਦੀ ਮਾਮਲਿਆਂ ਵਿਚ ਵਾਇਰਸ ਦਾ ਡੈਲਟਾ ਵੇਰੀਏਂਟ ਹੀ ਮਿਲ ਰਿਹਾ ਹੈ। ਅਮਰੀਕੀ ਅਖ਼ਬਾਰ ਦ ਨਿਊਯਾਰਕ ਟਾਈਮਸ ਮੁਤਾਬਕ ਸਨਿਚਰਵਾਰ ਨੂੰ ਅਮਰੀਕਾ ਵਿਚ ਮੌਤਾਂ ਦਾ ਸੱਤ ਦਿਨਾਂ ਦਾ ਔਸਤ 2012 ਤਕ ਪਹੁੰਚ ਗਿਆ ਜਦ ਕਿ ਸ਼ੁਕਰਵਾਰ ਨੂੰ ਦੇਸ਼ ਵਿਚ 2579 ਮੌਤਾਂ ਦਰਜ ਕੀਤੀਆਂ ਗਈਆਂ। 13 ਸਤੰਬਰ ਨੁੂੰ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਦਾ ਅੰਕੜਾ 2.85 ਲੱਖ ਤਕ ਪਹੁੰਚ ਗਿਆ ਸੀ। ਲੇਕਿਨ ਉਸ ਦੇ ਬਾਅਦ ਤੋਂ ਉਸ ਵਿਚ ਕਮੀ ਆਈ ਹੈ। ਸ਼ੁਕਰਵਾਰ ਨੂੰ ਦੇਸ਼ ਵਿਚ 1.65 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ।
ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਸੁਚੇਤ ਕੀਤਾ ਕਿ ਦੇਸ਼ ਵਿਚ ਬੱਚਿਆਂ ਦੀ ਹਸਪਤਾਲ ਵਿਚ ਭਰਤੀ ਹੋਣ ਦੀ ਦਰ ਵਧ ਰਹੀ ਹੈ। ਦੇਸ਼ ਦੇ ਸੀਨੀਅਰ ਸਿਹਤ ਮਾਹਰ ਡਾ. ਫ਼ੌਚੀ ਨੇ ਕਿਹਾ ਕਿ ਹੁਣ ਹਸਪਤਾਲਾਂ ਵਿਚ ਜ਼ਿਆਦਾ ਬੱਚੇ ਰਹੇ ਹਨ ਕਿਉਂਕਿ ਡੈਲਟਾ ਵੇਰੀਏਂਟ ਵੱਡਿਆਂ ਤੇ ਬੱਚਿਆਂ ਸਾਰਿਆਂ ਵਿਚ ਜ਼ਿਆਦਾ ਤੇਜ਼ੀ ਨਾਲ ਫ਼ੈਲਦਾ ਹੈ। ਐਰਿਜ਼ੋਨਾ ਵਿਚ ਸਨਿਚਰਵਾਰ ਨੁੂੰ ਕਰੋਨਾ ਵਾਇਰਸ ਨਾਲ 108 ਲੋਕਾਂ ਦੀ ਮੌਤ ਹੋ ਗਈ ਜਦ ਕਿ 2742 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤਕ ਇਥੇ 19 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।