ਵਾਸ਼ਿੰਗਟਨ : ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਕਾਰਨ ਕਈ ਅਮਰੀਕੀ ਧਿਰਾਂ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਨਾਰਾਜ਼ ਹਨ। ਇਸੇ ਲਈ ਰਾਸ਼ਟਰਪਤੀ ਜੋਅ ਬਾਇਡਨ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਅਮਰੀਕੀ ਵੀ ਉਨ੍ਹਾਂ ਨੂੰ ਅਫ਼ਗ਼ਾਨ ਸੰਕਟ ਲਈ ਜ਼ਿੰਮੇਵਾਰ ਮੰਨ ਰਹੇ ਹਨ, ਇਸੇ ਕਾਰਨ ਆਪਣਾ ਵਿਰੋਧ ਪ੍ਰਗਟ ਕਰਨ ਲਈ ਅਮਰੀਕਾ ’ਚ ਬਾਈਡੇਨ ਵਿਰੁਧ ਥਾਂ-ਥਾਂ ਅਫ਼ਗ਼ਾਨੀ ਪੁਸ਼ਾਕ ਵਾਲੇ ਪੋਸਟਰ ਲਗਾਏ ਗਏ ਹਨ।
ਇਸ ਵਿਚਾਲੇ ਉਨ੍ਹਾਂ ਦਾ ਇੱਕ ਪੋਸਟਰ ਕਾਫੀ ਚਰਚਾ ’ਚ ਆ ਗਿਆ, ਜਿਸ ਵਿਚ ਰਾਸ਼ਟਰਪਤੀ ਬਾਇਡਨ ਤਾਲਿਬਾਨੀਆਂ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਪੋਸਟਰ ’ਤੇ ਲਿਖਿਆ ਹੈ ‘ਮੇਕਿੰਗ ਤਾਲਿਬਾਨ ਗਰੇਟ ਅਗੇਨ।’ ਇਹ ਵੀ ਦਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਮੇਕਿੰਗ ਅਮਰੀਕਾ ਗਰੇਟ ਅਗੇਨ ਨਾਹਰਾ ਬਹੁਤ ਪ੍ਰਚਲਿਤ ਹੋਇਆ ਸੀ।
ਰਿਪੋਰਟਾਂ ਮੁਤਾਬਕ ਪੈਨਸਿਲਵੇਨਿਆ ਦੇ ਸਾਬਕਾ ਸੈਨੇਟਰ ਸਕੌਟ ਵੈਗਨਰ ਨੇ ਰਾਸ਼ਟਰਪਤੀ ਬਾਈਡਨ ਵਿਰੁਧ ਇਹ ਪੋਸਟਰ ਲਗਾਏ ਹਨ। ਉਨ੍ਹਾਂ ਨੇ ਲਗਭਗ 15 ਹਜ਼ਾਰ ਡਾਲਰ ਦੀ ਲਾਗਤ ਨਾਲ ਰਾਜ ਮਾਰਗਾਂ ’ਤੇ ਇਕ ਦਰਜਨ ਤੋਂ ਜ਼ਿਆਦਾ ਬਿਲਬੋਰਡ ਕਿਰਾਏ ’ਤੇ ਲਏ ਹਨ, ਜਿਨ੍ਹਾਂ ’ਤੇ ਬਾਇਡਨ ਨੂੰ ਤਾਲਿਬਾਨੀ ਅਤਿਵਾਦੀ ਦਿਖਾਉਣ ਵਾਲੇ ਪੋਸਟਰਾਂ ਨੂੰ ਲਗਵਾਇਆ ਹੈ।
ਇਹ ਪੋਸਟਰ ਅਫ਼ਗ਼ਾਨਿਸਤਾਨ ਦੀ ਸਥਿਤੀ ’ਤੇ ਜੋਅ ਬਾਇਡਨ ਦੇ ਫ਼ੈਸਲੇ ਵਿਰੁਧ ਅਮਰੀਕੀਆਂ ਦੇ ਗੁੱਸੇ ਨੂੰ ਦਰਸਾਉਂਦੇ ਹਨ। ਸੈਨੇਟਰ ਸਕੌਟ ਵੈਗਨਰ ਨੇ ਕਿਹਾ ਕਿ ਜੋਅ ਬਾਈਡਨ ਦੇ ਇਕ ਗ਼ਲਤ ਫ਼ੈਸਲੇ ਨਾਲ ਅਮਰੀਕਾ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਇਹ ਸ਼ਰਮਿੰਦਗੀ ਵਿਅਤਨਾਮ ਤੋਂ ਵੀ ਬਦਤਰ ਹੈ।