ਕਾਬੁਲ : ਇਹ ਸੱਚ ਨਹੀਂ ਕਿ ਮੈਂ ਜ਼ਖਮੀ ਹਾਂ, ਮੈਂ ਠੀਕ ਹਾਂ ਅਤੇ ਬਿਲਕੁਲ ਸਿਹਤਮੰਦ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਫ਼ਗ਼ਾਨਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਤੇ ਤਾਲਿਬਾਨੀ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਨੇ ਇਕ ਵੀਡੀਉ ਜਾਰੀ ਕਰਦਿਆਂ ਕੀਤਾ ਹੈ। ਇਸ ਵੀਡੀਉ ਵਿਚ ਉਹ ਖੁਦ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰਦਾ ਨਜ਼ਰ ਆ ਰਿਹਾ ਹੈ। ਬਰਾਦਰ ਨੇ ਸਰਕਾਰ ਦੇ ਅੰਦਰ ਅੰਦਰੂਨੀ ਕਲੇਸ਼ ਹੋਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਅਤੇ ਕਿਹਾ ਕਿ ਸਰਕਾਰ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ।
ਆਰ. ਟੀ. ਏ. ਸੂਬਾ ਟੈਲੀਵਿਜ਼ਨ ਦੇ ਵੀਡੀਉ ਵਿਚ ਬਰਾਦਰ ਇੰਟਰਵਿਊ ਲੈਣ ਵਾਲੇ ਦੇ ਨਾਲ ਇਕ ਸੋਫ਼ੇ ’ਤੇ ਬੈਠਾ ਦਿੱਖ ਰਿਹਾ ਹੈ ਅਤੇ ਉਸਦੇ ਹੱਥ ਵਿਚ ਕਾਗ਼ਜ਼ ਦੀ ਇਕ ਸ਼ੀਟ ਹੈ ਜਿਸਨੂੰ ਦੇਖ ਕੇ ਉਹ ਜਵਾਬ ਦੇ ਰਿਹਾ ਹੈ। ਦਰਅਸਲ ਅਫ਼ਗ਼ਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਵਿਚ ਨੰਬਰ-2 ਦਾ ਅਹੁਦਾ ਰੱਖਣ ਵਾਲੇ ਬਰਾਦਰ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਆਡੀਉ ਬਿਆਨ ਜਾਰੀ ਕੀਤਾ ਸੀ। ਇਸਦੇ ਰਾਹੀਂ ਉਸਨੇ ਸੋਸ਼ਲ ਮੀਡੀਆ ’ਤੇ ਖੁਦ ਦੀ ਮੌਤ ਦੀ ਖ਼ਬਰ ਨੂੰ ਝੂਠਾ ਕਰਾਰ ਦਿਤਾ ਸੀ। ਉਸਨੇ ਕਿਹਾ ਕਿ ਉਹ ਜਿੰਦਾ ਹੈ ਅਤੇ ਬਿਲਕੁੱਲ ਠੀਕ ਹੈ।