ਲੋੜੀਂਦੇ 10 ਲੱਖ ਦੇ ਇਨਾਮੀ ਮੁਲਜ਼ਮ ਦੀ ਮਿਲੀ ਲਾਸ਼
ਤੇਲੰਗਾਨਾ ਦੇ ਮੰਤਰੀ ਨੇ ਐਨਕਾਊਂਟਰ ’ਚ ਮਾਰਨ ਦੀ ਕਹੀ ਸੀ ਗੱਲ
ਹੈਦਰਾਬਾਦ : 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਦੀ ਇਹ ਵਾਰਦਾਤ 9 ਸਤੰਬਰ ਨੂੰ ਵਾਪਰੀ ਸੀ। ਉਸ ਦੀ ਲਾਸ਼ ਇੱਕ ਬੰਦ ਕਮਰੇ ਵਿੱਚੋਂ ਬਰਾਮਦ ਹੋਈ ਸੀ। ਇਸ ਮਾਮਲੇ ਵਿੱਚ ਗੁਆਂਢ ’ਚ ਰਹਿਣ ਵਾਲਾ ਪੀ ਰਾਜੂ ’ਤੇ ਦੋਸ਼ ਲੱਗੇ ਸਨ। ਤੇਲੰਗਾਨਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ 15 ਟੀਮਾਂ ਬਣਾਈਆਂ ਸਨ ਅਤੇ ਇਨ੍ਹਾਂ ਟੀਮਾਂ ਨੂੰ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਭੇਜਿਆ ਗਿਆ ਸੀ। ਹੁਣ ਤੇਲੰਗਾਨਾ ਵਿੱਚ 6 ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਦੀ ਲਾਸ਼ ਰੇਲਵੇ ਪਟੜੀ ਤੋਂ ਬਰਾਮਦ ਹੋਈ ਹੈ। ਬੀਤੇ ਦਿਨ ਪੁਲਿਸ ਨੇ ਇਸ ਵਿਅਕਤੀ ਦਾ ਥਹੁ-ਪਤਾ ਦੱਸਣ ਵਾਲੇ ਵਿਅਕਤੀ ਨੂੰ 10 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਸੀ, ਉੱਧਰ ਤੇਲੰਗਾਨਾ ਦੇ ਮੰਤਰੀ ਨੇ ਉਸ ਨੂੰ ਐਨਕਾਊਂਟਰ ਵਿੱਚ ਮਾਰਨ ਦੀ ਗੱਲ ਕਹੀ ਸੀ। ਪੁਲਿਸ ਨੇ ਸਰੀਰ ’ਤੇ ਬਣੇ ਟੈਟੂ ਤੋਂ ਉਸ ਦੀ ਪਛਾਣ ਕੀਤੀ ਹੈ। ਤੇਲੰਗਾਨਾ ਦੇ ਡੀਜੀਪੀ ਨੇ ਪੁਸ਼ਟੀ ਕੀਤੀ ਹੈ ਕਿ ਲਾਸ਼ ਹੈਦਰਾਬਾਦ ਦੇ ਸਿੰਗਾਰੇਨੀ ਕਾਲੋਨੀ ਵਿੱਚ ਹੋਏ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਲੋੜੀਂਦੇ 30 ਸਾਲਾ ਮੁਲਜ਼ਮ ਪੀ-ਰਾਜੂ ਦੀ ਹੀ ਹੈ। ਮੁਲਜ਼ਮ ਦੀ ਲਾਸ਼ ਮਿਲਣ ਦੇ ਨਾਲ ਹੀ ਹੈਦਰਾਬਾਦ ਪੁਲਿਸ ਅਤੇ ਸਰਕਾਰ ’ਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ, ਕਿਉਂਕਿ 2 ਦਿਨ ਪਹਿਲਾਂ ਹੀ ਸੂਬੇ ਦੇ ਕਿਰਤ ਮੰਤਰੀ ਮੱਲਾ ਰੈਡੀ ਨੇ ਕਿਹਾ ਸੀ ਕਿ ਉਹ ਮੁਲਜ਼ਮ ਨੂੰ ਐਨਕਾਊਂਟਰ ਵਿੱਚ ਮਾਰ ਦੇਣਗੇ।
ਮੰਗਲਵਾਰ ਨੂੰ ਮੈਡਚਲ-ਮਲਕਾਜਗਿਰੀ ਜ਼ਿਲ੍ਹੇ ਵਿੱਚ ਇੱਕ ਸਮਾਰੋਹ ਵਿੱਚ ਸ਼ਾਮਲ ਹੋਣ ਪਹੁੰਚੇ ਮੱਲਾ ਰੈਡੀ ਨੇ ਕਿਹਾ ਸੀ ਕਿ ਬੱਚੀ ਨਾਲ ਬਲਾਤਕਾਰ ਕਰਨ ਵਾਲਾ 30 ਸਾਲਾ ਮੁਲਜ਼ਮ ਜ਼ਰੂਰ ਫੜਿਆ ਜਾਵੇਗਾ ਅਤੇ ਉਸ ਨੂੰ ਐਕਨਾਊਂਟਰ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਆਖੀ ਸੀ। ਰੈਡੀ ਹੀ ਨਹੀਂ, ਮਲਕਾਜਗਿਰੀ ਦੇ ਕਾਂਗਰਸੀ ਸੰਸਦ ਮੈਂਬਰ ਨੇ ਵੀ ਮੁਲਜ਼ਮ ਦੇ ਐਨਕਾਊਂਟਰ ਦੀ ਗੱਲ ਕਹੀ ਸੀ। ਉਨ੍ਹਾਂ ਨੇ ਇਹ ਬਿਆਨ ਤਦ ਦਿੱਤਾ ਸੀ, ਜਦੋਂ ਉਹ ਪੀੜਤ ਦੇ ਪਰਿਵਾਰ ਨੂੰ ਮਿਲ ਕੇ ਪਰਤ ਰਹੇ ਸਨ। ਪਲਿਸ ਨੇ ਇਸ ਮੁਲਜ਼ਮ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਤੇਲੰਗਾਨਾ ਵਿੱਚ 27 ਨਵੰਬਰ 2019 ਨੂੰ ਹਸਪਤਾਲ ਤੋਂ ਘਰ ਪਰਤ ਰਹੀ ਵੈਟਰਨਰੀ ਡਾਕਟਰ ਨਾਲ ਸਮੂਹਕ ਬਲਾਤਕਾਰ ਹੋਇਆ ਸੀ। ਇਸ ਤੋਂ ਬਾਅਦ ਡਾਕਟਰ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਬਲਾਤਕਾਰੀਆਂ ਨੇ ਲਾਸ਼ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਇਸ ਮਾਮਲੇ ਵਿੱਚ ਮੁਲਜ਼ਮ ਚਾਰ ਬੱਸ ਡਰਾਈਵਰਾਂ ਅਤੇ ਕਲੀਨਰਾਂ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸੀ।