ਟੋਰਾਂਟੋ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ 26 ਅਗਸਤ ਨੂੰ ਏਅਰਪੋਰਟ ’ਤੇ ਹੋਏ ਫਿਦਾਈਨ ਹਮਲੇ ਵਿਚ 169 ਲੋਕ ਮਾਰੇ ਗਏ ਸੀ। ਧਮਾਕਿਆਂ ਤੋਂ ਬਾਅਦ ਏਅਰਪੋਰਟ ’ਤੇ ਲਾਸ਼ਾਂ ਵਿਛ ਗਈ ਸੀ ਅਤੇ ਖੂਨ ਨਾਲ ਲਥਪਥ ਜ਼ਖ਼ਮੀ ਬੁਰੀ ਤਰ੍ਹਾਂ ਚੀਕ ਰਹੇ ਸੀ। ਇਸ ਹਮਲੇ ਵਿਚ ਕਈ ਔਰਤਾਂ ਅਤੇ ਬੱਚਿਆਂ ਦੀ ਵੀ ਜਾਨ ਗਈ ਤਾਂ ਭਗਦੜ ਵਿਚ ਕਈ ਮਾਸੂਮ ਅਪਣੇ ਪਰਵਾਰ ਤੋਂ ਵਿਛੜ ਗਏ। ਤਿੰਨ ਸਾਲ ਦਾ ਬੱਚਾ ਵੀ ਇਨ੍ਹਾਂ ਵਿਚੋਂ ਇੱਕ ਸੀ।
ਕਾਬੁਲ ਏਅਰਪੋਰਟ ’ਤੇ ਧਮਾਕੇ ਤੋਂ ਬਾਅਦ ਬੱਚਾ ਅਪਣੀ ਮਾਂ ਅਤੇ ਭਰਾ-ਭੈਣਾਂ ਕੋਲੋਂ ਵਿਛੜ ਗਿਆ ਸੀ, ਲੇਕਿਨ ਕਿਸੇ ਤਰ੍ਹਾਂ ਉਹ ਦੋਹਾ ਪੁੱਜ ਗਿਆ। ਹੁਣ ਦੋ ਹਫਤੇ ਬਾਅਦ ਉਹ ਕੈਨੇਡਾ ਵਿਚ ਅਪਣੇ ਪਰਵਾਰ ਨੂੰ ਮਿਲਿਆ ਤਾਂ ਅਲੀ ਅਤੇ ਉਸ ਦੇ ਘਰ ਵਾਲੇ ਹੀ ਨਹੀਂ ਬਲਕਿ ਦੇਖਣ ਸੁਣਨ ਵਾਲੇ ਦੂਜੇ ਲੋਕ ਵੀ ਇਮੋਸ਼ਨਲ ਹੋ ਗਏ।
ਅਲੀ ਦੇ ਪਿਤਾ ਨੇ ਬੇਟੇ ਨੂੰ ਗਲ਼ ਨਾਲ ਲਾ ਲਿਆ ਤਾਂ ਖੁਸ਼ੀ ਦਾ ਇਜ਼ਹਾਰ ਕਰਨ ਲਈ ਮੂੰਹ ਤੋਂ ਸ਼ਬਦ ਨਹੀਂ ਨਿਕਲ ਸਕੇ, ਬਸ ਏਨਾ ਕਿਹਾ ਕਿ ਦੋ ਹਫ਼ਤੇ ਤੋਂ ਮੈਂ ਸੁੱਤਾ ਨਹੀਂ।
ਦੋਹਾ ਵਿਚ ਬੱਚੇ ਦਾ ਖਿਆਲ ਰੱਖਣ ਵਾਲੇ ਕਤਰ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕਾਬੁਲ ਏਅਰਪੋਰਟ ’ਤੇ ਇੱਕ 17 ਸਾਲਾ ਬੱਚੇ ਨੇ ਹਿੰਮਤ ਨਾ ਦਿਖਾਈ ਹੁੰਦੀ ਤਾਂ ਸ਼ਾਇਦ ਬੱਚਾ ਉਥੋਂ ਕਦੇ ਨਾ ਨਿਕਲਦਾ। ਧਮਾਕਿਆਂ ਤੋਂ ਬਾਅਦ ਭੱਜ ਦੌੜ ਦੇ ਵਿਚ 17 ਸਾਲਾ ਮੁੰਡੇ ਨੇ 3 ਸਾਲਾ ਮਾਸੂਮ ਨੂੰ ਡਰਿਆ ਦੇਖਿਆ ਤਾਂ ਅਪਣੀ ਪਰਵਾਹ ਕੀਤੇ ਬਗੈਰ ਉਸ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ਦਾ ਫੈਸਲਾ ਕੀਤਾ। ਇਸੇ ਦੀ ਬਦੌਲਤ ਬੱਚਾ ਅਪਣੇ ਪਰਵਾਰ ਕੋਲ ਹੈ।
ਤਿੰਨ ਸਾਲ ਦੇ ਬੱਚੇ ਦਾ ਦੋ ਹਫਤੇ ਤੱਕ ਪਰਵਾਰ ਤੋਂ ਦੂਰ ਰਹਿਣਾ ਅਤੇ ਇੱਕ ਮਾਂ ਦਾ ਅਪਣੇ ਬੱਚੇ ਤੋਂ ਇਸ ਤਰ੍ਹਾਂ ਵਿਛੜਨ ਤੋਂ ਬਾਅਦ ਕੀ ਹਾਲ ਹੁੰਦਾ ਹੈ ਇਹ ਕਹਿਣ ਦੀ ਜ਼ਰੂਰਤ ਨਹੀਂ। ਬੱਚੇ ਦੇ ਪਿਤਾ ਤਾਂ ਬੇਟੇ ਨੂੰ ਦੋ ਸਾਲ ਬਾਅਦ ਮਿਲੇ ਸੀ ਕਿਉਂਕਿ ਦੋ ਸਾਲ ਪਹਿਲਾਂ ਉਹ ਕਾਰੋਬਾਰ ਦੇ ਸਿਲਸਿਲੇ ਵਿਚ ਅਫਗਾਨਿਸਤਾਨ ਤੋਂ ਕੈਨੇਡਾ ਆ ਗਏ ਸੀ।
ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਡਰੇ ਹੋਏ ਹਜ਼ਾਰਾਂ ਲੋਕਾਂ ਦੀ ਤਰ੍ਹਾਂ ਬੱਚੇ ਦੀ ਮਾਂ ਵੀ ਅਪਣੇ ਬੱਚਿਆਂ ਦੇ ਨਾਲ ਕੈਨੇਡਾ ਜਾਣ ਲਈ 26 ਅਗਸਤ ਨੂੰ ਕਾਬੁਲ ਏਅਰਪੋਰਟ ’ਤੇ ਉਡੀਕ ਕਰ ਰਹੀ ਸੀ। ਇਸੇ ਵਿਚਾਲੇ ਅੱਤਵਾਦੀ ਹਮਲਾ ਹੋਣ ਕਾਰਨ ਬੱਚਾ ਉਨ੍ਹਾਂ ਕੋਲੋਂ ਵਿਛੜ ਗਿਆ। ਫੇਰ ਦੋ ਦਿਨ ਬਾਅਦ 28 ਅਗਸਤ ਨੂੰ ਏਅਰਲਿਫਟ ਫੇਰ ਸ਼ੁਰੂ ਹੋਇਆ ਤਾਂ ਅਮਰੀਕੀ ਸੈਨਿਕਾਂ ਨੇ ਬੱਚੇ ਨੂੰ ਦੋਹਾ ਦੀ ਫਲਾਈਟ ਵਿਚ ਬਿਠਾ ਦਿੱਤਾ ਤੇ ਦੋਹਾ ਪੁੱਜਣ ’ਤੇ ਅਨਾਥ ਆਸ਼ਰਮ ਵਿਚ ਰੱਖਿਆ ਗਿਆ। ਦੋ ਹਫਤੇ ਬਾਅਦ ਬੱਚੇ ਨੂੰ ਦੋਹਾ ਤੋਂ ਟੋਰਾਂਟੋ ਦੀ ਫਲਾਈਟ ਵਿਚ ਬਿਠਾ ਕੇ ਸੋਮਵਾਰ ਸ਼ਾਮ ਕੈਨੇਡਾ ਪਹੁੰਚਾਇਆ ਗਿਆ।
ਕੈਨੇਡਾ ਦੇ ਗਰੇਟਰ ਟੋਰਾਂਟੋ ਇਲਾਕੇ ਵਿਚ ਰਹਿ ਰਹੇ ਅਫਗਾਨੀ ਭਾਈਚਾਰੇ ਦੇ ਮੈਂਬਰ ਅਤੇ ਬੱਚੇ ਦੇ ਪਿਓ ਦੇ ਦੋਸਤ ਸਮਸੋਰ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸ਼ਰਨਾਰਥੀ ਦੇ ਤੌਰ ’ਤੇ ਕੈਨੇਡਾ ਆਏ ਸੀ ਅਤੇ ਦੋ ਮਹੀਨੇ ਪਹਿਲਾਂ ਅਪਣੇ ਪਰਵਾਰ ਨੂੰ ਵੀ ਅਫਗਾਨਿਸਤਾਨ ਤੋਂ ਕੈਨੇਡਾ ਲਿਆਉਣ ਵਿਚ ਕਾਮਯਾਬ ਰਹੇ ਸੀ। ਇਸ ਲਈ ਹੁਣ ਉਹ ਅਪਣੇ ਦੋਸਤ ਦੀ ਖੁਸ਼ੀ ਨੂੰ ਮਹਿਸੂਸ ਕਰ ਸਕਦੇ ਹਨ।
https://amzn.to/3lo0MGR