ਕਾਬੁਲ : ਤਾਲਿਬਾਨ ਨੇ ਪਿਛਲੇ ਹਫ਼ਤੇ ਅਫ਼ਗਾਨਿਸਤਾਨ ਉੱਪਰ ਅਧਿਕਾਰ ਕਰਕੇ ਦੇਸ਼ ਨੂੰ "ਇਸਲਾਮਿਕ ਅਮਿਰਾਤ" ਐਲਾਨ ਦਿੱਤਾ ਸੀ। ਮੁੱਲ੍ਹਾ ਅਬਦੁਲ ਗ਼ਨੀ ਬਰਦਾਰ ਨਵੀਂ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ ਹਨ, ਸੀਨੀਅਰ ਤਾਲਿਬਾਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਨਵੀਂ ਸਰਕਾਰ ਦੀ ਬਣਤਰ ਨੂੰ ਲੈ ਕੇ ਤਾਲਿਬਾਨ ਦੇ ਦੋ ਧੜੇ ਖਹਿਬੜ ਪਏ ਸਨ। ਸੂਤਰਾਂ ਮੁਤਾਬਕ ਇਹ ਖਹਿਬਾਜ਼ੀ ਤਾਲਿਬਾਨ ਨੇ ਸਹਿ-ਮੋਢੀ ਮੁੱਲ੍ਹਾ ਅਬਦੁਲ ਗ਼ਨੀ ਬਰਦਾਰ ਅਤੇ ਇੱਕ ਕੈਬਨਿਟ ਮੈਂਬਰ ਦਰਮਿਆਨ ਵਾਪਰੀ। ਤਾਲਿਬਾਨ ਦੀ ਲੀਡਰਸ਼ਿਪ ਵਿੱਚ ਪਿਛਲੇ ਦਿਨੀਂ ਬਰਦਾਰ ਦੇ ਲਾਪਤਾ ਹੋਣ ਤੋਂ ਬਾਅਦ ਹੀ ਮਤਭੇਦ ਸਨ। ਸੰਗਠਨ ਵੱਲੋਂ ਐਲਾਨੀ ਗਈ ਨਵੀਂ ਕੈਬਨਿਟ ਵਿੱਚ ਸਾਰੇ ਹੀ ਪੁਰਸ਼ ਅਤੇ ਸੀਨੀਅਰ ਤਾਲਿਬਾਨ ਆਗੂ ਹਨ ਜਿਨ੍ਹਾਂ ਵਿੱਚੋਂ ਕੁਝ ਉੱਪਰ 20 ਸਾਲ ਪਹਿਲਾਂ ਅਮਰੀਕਾ ਵਿੱਚ ਹਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਇੱਕ ਤਾਲਿਬਾਨ ਸੂਤਰ ਨੇ ਦੱਸਿਆ ਕਿ ਬਰਦਾਰ ਅਤੇ ਖ਼ਲੀਲ-ਉਰ-ਰਹਿਮਾਨ ਹੱਕਾਨੀ ਜੋ ਕਿ ਰਫਿਊਜੀ ਮਾਮਲਿਆਂ ਦੇ ਮੰਤਰੀ ਅਤੇ ਮਸ਼ਹੂਰ ਹੱਕਾਨੀ ਨੈਟਵਰਕ ਦੇ ਪ੍ਰਮੁੱਖ ਹਨ। ਦੋਵਾਂ ਆਗੂਆਂ ਵਿੱਚ ਕਹਾ-ਸੁਣੀ ਹੋਈ ਜਦੋਂ ਕਿ ਉਨ੍ਹਾਂ ਦੇ ਹਮਾਇਤੀ ਕੋਲ ਹੀ ਹੱਥੋ-ਪਾਈ ਹੋ ਗਏ ਸਨ। ਕਤਰ ਵਿੱਚ ਰਹਿ ਰਹੇ ਸੀਨੀਅਰ ਤਾਲਿਬਾਨ ਮੈਂਬਰ ਅਤੇ ਘਟਨਾ ਸਮੇਂ ਮੌਜੂਦ ਇੱਕ ਵਿਅਕਤੀ ਨੇ ਪਿਛਲੇ ਹਫ਼ਤੇ ਹੋਈ ਇਸ ਕਹਾ-ਸੁਣੀ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ਨਵੇਂ ਉਪ ਪ੍ਰਧਾਨ ਮੰਤਰੀ ਬਰਦਾਰ ਨੇ ਆਪਣੀ ਅੰਤਰਿਮ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ੀ ਜ਼ਾਹਰ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਮਤਭੇਦ ਦੀ ਜੜ੍ਹ ਇਹ ਹੈ ਕਿ ਆਖ਼ਰ ਅਫ਼ਗਾਨਿਸਤਾਨ ਵਿੱਚ ਜਿੱਤ ਦਾ ਸਿਹਰਾ ਤਾਲਿਬਾਨ ਦਾ ਕਿਹੜਾ ਧੜਾ ਲਵੇਗਾ। ਰਿਪੋਰਟਾਂ ਮੁਤਾਬਕ ਬਰਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਵੱਲੋਂ ਵਰਤੀ ਗਈ ਕੂਟਨੀਤਿਕ ਸੂਝ-ਬੂਝ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਜਦਕਿ ਹੱਕਾਨੀ ਧੜੇ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਵੀਹ ਸਾਲ ਬਾਅਦ ਅਫ਼ਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਹੱਕਾਨੀ ਹਮਾਇਤੀਆਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਦਾ ਤਖ਼ਤ ਤਾਲਿਬਾਨ ਨੂੰ ਲੜਾਈ ਦੀ ਵਜ੍ਹਾ ਕਾਰਨ ਮਿਲਿਆ ਹੈ।
https://amzn.to/3zcDQ24