ਕਾਬੁਲ : ਅੰਤ੍ਰਿਮ ਸਰਕਾਰ ’ਚ ਸਿਰਫ ਤਾਲਿਬਾਨ ਦੇ ਮੈਂਬਰਾਂ ਨੂੰ ਹੀ ਜਗ੍ਹਾ ਦੇਣ ਤੋਂ ਪਹਿਲਾਂ ਹੀ ਅਮਰੀਕਾ ਸਮੇਤ ਦੁਨੀਆ ਦੇ ਹੋਰਨਾਂ ਦੇਸ਼ ਉਸ ’ਤੇ ਸਵਾਲ ਕਰ ਰਹੇ ਹਨ। ਤਾਲਿਬਾਨ ਨੇ ਮਿਲੀਜੁਲੀ ਸਰਕਾਰ ਦੇ ਗਠਨ ਦਾ ਵਾਅਦਾ ਕੀਤਾ ਸੀ ਪਰ ਅੰਤ੍ਰਿਮ ਸਰਕਾਰ ’ਚ ਸਿਰ ਕੱਟਡ਼ਪੰਥੀਆਂ ਨੂੰ ਜਗ੍ਹਾ ਦਿੱਤੀ ਗਈ। ਸਰਕਾਰ ’ਚ ਸ਼ਾਮਲ ਕਈ ਚਿਹਰੇ ਸੰਯੁਕਤ ਰਾਸ਼ਟਰ ਦੇ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ’ਚ ਸ਼ਾਮਲ ਹਨ। ਔਰਤਾਂ ਨੂੰ ਵੀ ਜਗ੍ਹਾ ਨਹੀਂ ਮਿਲੀ। ਰੂਸੀ ਨਿਊਜ਼ ਏਜੰਸੀ ਤਾਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਹਿਯੋਗੀਆਂ ਦੇ ਦਬਾਅ ਕਾਰਨ ਸਹੁੰ ਚੁੱਕ ਸਮਾਗਮ ਰੱਦ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ਤੇ ਨਾਟੋ ਦੇ ਉਸ ਦੇ ਸਹਿਯੋਗੀ ਕਤਰ ਸਰਕਾਰ ’ਤੇ ਦਬਾਅ ਬਣਾ ਰਹੇ ਸਨ ਕਿ ਉਹ ਤਾਲਿਬਾਨ ਨੂੰ ਸਮਾਗਮ ਰੱਦ ਕਰਨ ਲਈ ਕਹਿਣ ਕਿਉਂਕਿ ਇਹ ਬਹੁਤ ਹੀ ਗ਼ੈਰ-ਮਨੁੱਖੀ ਹੋਵੇਗੀ। ਉਸ ਨੂੰ ਇਹ ਸਮਝਿਆ ਗਿਆ ਕਿ ਸਮਾਗਮ ’ਚ ਤਾਲਿਬਾਨ ਨੂੰ ਮਾਨਤਾ ਮਿਲਣ ਦੀਆਂ ਉਮੀਦਾਂ ਨੂੰ ਵੀ ਧੱਕਾ ਲੱਗ ਸਕਦਾ ਹੈ। ਦਰਅਸਲ ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਸਹੁੰ ਚੁੱਕ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਸਹੁੰ ਚੁੱਕ ਸਮਾਗਮ ਸਾਧਨਾਂ ਤੇ ਪੈਸੇ ਦੀ ਬਰਬਾਦੀ ਹੈ। ਹਾਲਾਂਕਿ ਸਮਾਗਮ ਰੱਦ ਕਰਨ ਪਿੱਛੇ ਅਸਲ ਕਾਰਨ ਸਹਿਯੋਗੀਆਂ ਦੇ ਦਬਾਅ ਨੂੰ ਮੰਨਿਆ ਜਾ ਰਿਹਾ ਹੈ। ਤਾਲਿਬਾਨ ਦੇ ਮੈਂਬਰ ਇਨਾਮੁੱਲ੍ਹਾ ਸਮਾਂਗਨੀ ਨੇ ਟਵਿੱਟਰ ’ਤੇ ਕਿਹਾ, ‘ਨਵੀਂ ਅਫ਼ਗਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਨੂੰ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਲੋਕਾਂ ’ਚ ਕੋਈ ਭਰਮ ਨਾਲ ਫੈਲੇ ਇਸ ਲਈ ਇਸਲਾਮਿਕ ਅਮੀਰਾਤ ਦੀ ਲੀਡਰਸ਼ਿਪ ਨੇ ਕੈਬਨਿਟ ਦੇ ਇਕ ਹਿੱਸੇ ਦਾ ਐਲਾਨ ਕਰ ਦਿੱਤਾ ਹੈ ਤੇ ਉਸ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।’ ਮੰਗਲਵਾਰ ਨੂੰ ਅੰਤ੍ਰਿਮ ਸਰਕਾਰ ਦੇ ਗਠਨ ਦਾ ਐਲਾਨ ਕਰਨ ਵਾਲੇ ਤਾਲਿਬਾਨ ਨੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਰੂਸ, ਚੀਨ, ਪਾਕਿਸਤਾਨ, ਕਤਰ ਤੇ ਈਰਾਨ ਨੂੰ ਸੱਦਾ ਭੇਜਿਆ ਸੀ। ਉਸ ਦੇ ਸੱਦੇ ’ਤੇ ਰੂਸ ਦਾ ਬਿਆਨ ਵੀ ਆ ਗਿਆ ਸੀ। ਰੂਸ ਨੇ ਸਮਾਗਮ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਸੀ ਕਿ ਤਾਲਿਬਾਨ ਆਪਣੀ ਸਰਕਾਰ ਨੂੰ 11 ਸਤੰਬਰ ਨੂੰ ਸਹੁੰ ਚੁਕਾ ਸਕਦਾ ਹੈ। 11 ਸਤੰਬਰ ਅਮਰੀਕਾ ’ਚ ਅੱਤਵਾਦੀ ਹਮਲੇ ਦੀ 20ਵੀਂ ਬਰਸੀ ਹੈ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਸਹਿਯੋਗੀਆਂ ਨੇ ਉਸ ਨੂੰ ਅਜਿਹਾ ਕਰਨ ਨਾ ਕਰਨ ਲਈ ਮਨਾਇਆ ਹੋਵੇਗਾ।