ਬਰਲਿਨ : ਆਪਣੀ ਸਕੀ ਮਾਂ ਦੀ ਮ੍ਰਿਤਕ ਦੇਹ ਦਾ ਹਰ ਕੋਈ ਸਨਮਾਨ ਕਰਦਾ ਹੈ ਪਰ ਕਈ ਜਣੇ ਅਜਿਹੇ ਵੀ ਹੁੰਦੇ ਹਨ ਜੋ ਲਾਲਚ ਵਿਚ ਆ ਕੇ ਕਿਸੇ ਵੀ ਹੱਦ ਤਕ ਪੁੱਜ ਜਾਂਦੇ ਹਨ। ਅਜਿਹਾ ਹੀ ਆਸਟਰੀਆ ਵਿਚ ਹੋਇਆ। ਇਥੋਂ ਦੀ ਪੁਲਿਸ ਨੇ ਕਿਹਾ ਹੈ ਕਿ ਇਕ ਵਿਅਕਤੀ ਨੇ ਪੈਨਸ਼ਨ ਅਤੇ ਨਰਸਿੰਗ ਭੱਤਾ ਲੈਣ ਲਈ ਆਪਣੀ ਮਾਂ ਦੀ ਲਾਸ਼ ਨੂੰ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਘਰ ਵਿਚ ਲੁਕੋ ਕੇ ਰਖਿਆ। ਤਾਈਰੋਲ ਸੂਬੇ ਦੀ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਵਿਅਕਤੀ ਦੀ 89 ਸਾਲਾ ਮਾਂ ਦੀ ਜੂਨ 2020 ਵਿਚ ਮੌਤ ਹੋ ਚੁੱਕੀ ਹੈ। ਲਿਹਾਜਾ ਅਧਿਕਾਰੀ ਪਿਛਲੇ ਵੀਕੈਂਡ ਇੰਸਬਰਕ ਇਲਾਕੇ ਵਿਚ ਉਸ ਦੇ ਘਰ ਪੁੱਜੇ।
ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਪੁੱਛਗਿੱਛ ਦੌਰਾਨ 66 ਸਾਲਾ ਵਿਅਕਤੀ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੀ ਮਾਂ ਦੀ ਮੌਤ ਦੇ ਬਾਅਦ ਉਸ ਦੀ ਲਾਸ਼ ਨੂੰ ਘਰ ਵਿਚ ਲੁਕੋ ਦਿੱਤਾ ਸੀ ਤਾਂ ਕਿ ਉਸ ਨੂੰ ਲਾਭ ਮਿਲਦਾ ਰਹੇ। ਹੁਣ ਤੱਕ ਹੋਈ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਨੂੰ ਕਈ ਹਜ਼ਾਰ ਯੂਰੋ ਮਿਲ ਚੁੱਕੇ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ ਵਿਚ ਕਤਲ ਦੀ ਗੱੱਲ ਸਾਹਮਣੇ ਨਹੀਂ ਆਈ ਹੈ।