ਕਰਨਾਲ : ਹਰਿਆਣਾ ਦੇ ਕਰਨਾਲ ਵਿੱਚ ਮੋਬਾਇਲ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਸੋਸ਼ਲ ਮੀਡੀਆ ਰਾਹੀਂ ਅਰਾਜਕਤਾ ਫੈਲਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਕਰਨਾਲ ਸਣੇ 5 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ ਸੀ। ਹਾਲਾਂਕੀ ਬਾਕੀ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਸੀ ਤੇ ਅੱਜ ਸ਼ੁੱਕਰਵਾਰ ਤੋਂ ਪ੍ਰਸ਼ਾਸਨ ਨੇ ਕਰਨਾਲ 'ਚ ਵੀ ਇੰਟਰਨੈੱਟ ਸੇਵਾ ਮੁੜ ਸ਼ੁਰੂ ਕਰਵਾ ਦਿੱਤੀ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ ਕਿ ਅਜੇ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦੇਈਏ ਕਿ ਕਰਨਾਲ ਵਿੱਚ ਕਿਸਾਨ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ 'ਤੇ ਬੈਠੇ ਹਨ। ਲਾਠੀਚਾਰਜ ਦੇ ਦੋਸ਼ੀ ਅਧਿਕਾਰੀਆਂ ਤੇ ਕਰਨਾਲ ਦੇ ਤਤਕਾਲੀਨ ਐਸਡੀਐਮ ਆਯੂਸ਼ ਸਿਨਹਾ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਪਹਿਲਾਂ ਜਾਂਚ ਕਰਾਉਣ ਦੀ ਗੱਲ ਕਹਿ ਰਿਹਾ ਹੈ।