Friday, November 22, 2024
 

ਹਰਿਆਣਾ

ਕਰਨਾਲ ’ਚ ਪੁਲਿਸ ਨੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਸ਼ੁਰੂ

September 07, 2021 06:07 PM

ਕਰਨਾਲ : ਪ੍ਰਸ਼ਾਸਨ ਨਾਲ ਗੱਲਬਾਤ ਅਸਫ਼ਲ ਰਹਿਣ ਤੋਂ ਬਾਅਦ ਕਰਨਾਲ ’ਚ ਕਿਸਾਨਾਂ ਵਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਸ਼ੁਰੂ ਕੀਤਾ ਹੋਇਆ ਹੈ। ਵੱਡੀ ਗਿਣਤੀ ’ਚ ਕਿਸਾਨਾਂ ਦਾ ਹਜ਼ੂਮ ਸੜਕਾਂ ’ਤੇ ਉਤਰ ਆਇਆ ਹੈ। ਕਿਸਾਨਾਂ ਨੇ ਪੁਲਿਸ ਵਲੋਂ ਬਣਾਈ ਗਈ ਸੁਰੱਖਿਆ ਦੀ ਦੂਜੀ ਲੇਅਰ ਪਾਰ ਕਰ ਲਈ, ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਥੇ ਹੀ ਕੁਝ ਕਿਸਾਨ ਪੁਲਿਸ ਦੀਆਂ ਬੱਸਾਂ ਅੱਗੇ ਲੰਮੇ ਪੈ ਗਏ ਹਨ। ਇਸ ਸਭ ਦੇ ਬਾਵਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਮਾਰਚ ਜਾਰੀ ਰੱਖਣਗੇ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਕੋਈ ਬੈਰੀਕੇਡ ਨਹੀਂ ਤੋੜਿਆ ਜਾਵੇਗਾ, ਜਿੱਥੇ ਵੀ ਰੋਕਿਆ ਜਾਵੇਗਾ, ਉੱਥੇ ਹੀ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਮਿੰਨੀ ਸਕੱਤਰੇਤ ਵਲ ਵਧ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਪ੍ਰਸ਼ਾਸਨ ਨੇ ਨਮਸਤੇ ਚੌਕ ’ਤੇ ਚੌਥੇ ਬਲਾਕ ’ਤੇ 40 ਰੋਡਵੇਜ਼ ਬੱਸਾਂ ਬੁਲਾਈਆਂ ਹਨ। ਕਿਸਾਨ ਗ੍ਰਿਫਤਾਰੀ ਲਈ ਰਾਜ਼ੀ ਹੋ ਗਏ। ਇਸ ਦੇ ਨਾਲ ਹੀ ਅੱਧੇ ਤੋਂ ਵੱਧ ਕਿਸਾਨ ਫਲਾਈਓਵਰ ਰਾਹੀਂ ਨਮਸਤੇ ਚੌਕ ਤੋਂ ਅੱਗੇ ਚਲੇ ਗਏ। ਉਧਰ ਗ੍ਰਿਫਤਾਰੀ ਤੋਂ ਬਾਅਦ ਦੂਜੇ ਕਿਸਾਨਾਂ ਨੇ ਬੱਸਾਂ ਵਿੱਚ ਬੈਠੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ। ਉੱਥੇ ਮੌਜੂਦ ਹੋਰ ਕਿਸਾਨਾਂ ਨੇ ਤਿੰਨੋਂ ਬੱਸਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨਰੇਸ਼ ਯਾਦਵ ਨੇ ਸੂਚਨਾ ਦਿੱਤੀ ਹੈ ਕਿ ਕਿਸਾਨਾਂ ਦੇ ਦਬਾਅ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਬੱਸਾਂ ਤੋਂ ਉਤਾਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਜ਼ਿਲ੍ਹਾ ਸਕੱਤਰੇਤ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਅਨਾਜ ਮੰਡੀ ਤੋਂ ਆਪਣਾ ਮਾਰਚ ਸ਼ੁਰੂ ਕੀਤਾ। ਰਾਜੇਵਾਲ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਕਿਸਾਨ ਪਹਿਲਾਂ ਮਾਰਚ ਕਰਨਗੇ ਅਤੇ ਫਿਰ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨਗੇ।

 

Have something to say? Post your comment

 
 
 
 
 
Subscribe