ਨਵਾਂ ਡੇਅਰੀ ਯੂਨਿਟ ਸਥਾਪਿਤ ਕਰਨ ਹਿੱਤ 2 ਤੋ 20 ਦੁਧਾਰੂ ਪਸ਼ੂਆਂ ਦੀ ਖਰੀਦ ਕਰਨ ਤੇ 17500 ਰੁਪਏ ਪ੍ਰਤੀ ਪਸ਼ੂ ਜਰਨਲ ਜਾਤੀ ਅਤੇ 23100 ਰੁਪਏ ਅ.ਜਾਤੀ ਦੇ ਲਾਭਪਾਤਰੀ ਨੂੰ ਦਿੱਤੀ ਜਾਂਦੀ ਹੈ ਵਿੱਤੀ ਸਹਾਇਤਾ
ਸ਼ੈਡ ਬਣਾਉਣ ਵਾਲੇ ਪਸ਼ੂ ਪਾਲਕ ਨੂੰ 1.50 ਲੱਖ ਰੁਪਏ ਤੱਕ ਦੀ ਦਿੱਤੀ ਜਾਂਦੀ ਹੈ ਸਬਸਿਡੀ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਡੇਅਰੀ ਵਿਕਾਸ ਵਿਭਾਗ ਵੱਲੋਂ ਪੰਜਾਬ ਰਾਜ ਵਿੱਚ ਸਥਾਪਿਤ ਕੀਤੇ ਗਏ ਆਪਣੇ 9 ਸਿਖਲਾਈ ਕੇਂਦਰਾਂ ਰਾਹੀ ਪੇਂਡੂ ਬੇਰੋਜਗਾਰ ਨੋਜਵਾਨਾ ਨੂੰ ਆਪਣੇ ਘਰਾਂ ਵਿੱਚ ਰੋਜਗਾਰ ਹਾਸਿਲ ਕਰਨ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਚਲਾਇਆ ਜਾਂਦਾ ਹੈ , ਜਿਸ ਵਿੱਚ ਹਰ ਸਾਲ ਲੱਗਭਗ 6000 ਬੇਰੋਜਗਾਰ ਨੋਜਵਾਨਾ ਨੂੰ ਸਿਖਲਾਈ ਦਿੱਤੀ ਜਾਂਦੀ ਹੈ
ਇਹ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਨੇ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤੋ ਇਲਾਵਾ ਵਿਭਾਗ ਵੱਲੋਂ 4 ਹਫਤੇ ਦਾ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ , ਜਿਸ ਵਿੱਚ ਮੋਜੂਦਾ ਦੁੱਧ ਉਤਪਾਦਕਾ ਨੂੰ ਵਿਗਿਆਨਿਕ ਤਰੀਕੇ ਨਾਲ ਡੇਅਰੀ ਦਾ ਕੀਤਾ ਅਪਣਾਉਣ ਲਈ ਐਡਵਾਂਸ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਵਿੱਚ ਹਰ ਸਾਲ 1000 ਸਿਖਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਨਵਾਂ ਡੇਅਰੀ ਯੂਨਿਟ ਸਥਾਪਿਤ ਕਰਨ ਹਿੱਤ 2 ਤੋ 20 ਦੁਧਾਰੂ ਪਸ਼ੂਆਂ ਦੀ ਖਰੀਦ ਕਰਨ ਤੇ 17500 ਰੁਪਏ ਪ੍ਰਤੀ ਪਸ਼ੂ ਜਰਨਲ ਜਾਤੀ ਅਤੇ 23100/- ਰੁਪਏ ਅ.ਜਾਤੀ ਦੇ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਧਾਰੂ ਪਸ਼ੂਆਂ ਨੂੰ ਗਰਮੀ ਸਰਦੀ, ਉੱਚੇ ਨੀਵੇ ਸਥਾਨ ਅਤੇ ਭੀੜ ਭੜਕੇ ਤੋ ਬਚਾਣਾ ਪਸ਼ੂ ਪਾਲਕ ਦਾ ਪਹਿਲਾ ਫਰਜ ਹੈ ਇਹ ਤਾ ਹੀ ਸੰਭਵ ਹੋ ਸਕਦਾ ਹੈ ਜੇ ਪਸ਼ੂਆਂ ਦੇ ਰੱਖਣ ਵਾਲੀ ਥਾਂ ਸਾਫ ਸੁਥਰੀ, ਖੁੱਲੀ ਹਵਾਦਾਰ ਹੋਵੇ ਅਤੇ ਪਸ਼ੂਆਂ ਨੂੰ ਆਪਣੀ ਮਰਜੀ ਦੇ ਨਾਲ ਨਾਲ ਘੁੰਮਣ ਫਿਰਨ, ਖਾਣ ਪੀਣ ਅਤੇ ਉੱਠਣ ਬੈਠਣ ਦੀ ਅਜਾਦੀ ਹੋਵੇ। ਉਹਨਾਂ ਦੱਸਿਆ ਕਿ ਇਹ ਸਾਰੀ ਸਹੂਲਤਾ ਦੇਣ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਮਾਹਰਾ ਦਾ ਰਾਏ ਨਾਲ ਡੇਅਰੀ ਸ਼ੈਡਾਂ ਦੇ ਡਿਜਾਇਨ ਤਿਆਰ ਕੀਤੇ ਗਏ ਹਨ। ਇਸ ਮੁਤਾਬਿਕ ਸ਼ੈਡ ਬਣਾਉਣ ਵਾਲੇ ਪਸ਼ੂ ਪਾਲਕ ਨੂੰ 1.50 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਨਾਂ ਸ਼ੈਡਾਂ ਦੇ ਡਿਜਾਇਨ ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਐਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਅਤੇ ਅਗਾਂਹਵਧੂ ਦੁੱਧ ਉਤਪਾਦਕਾਂ ਨਾਲ ਵਿਚਾਰ ਕਰਕੇ ਬਣਾਏ ਗਏ ਹਨ ਜਿਸ ਵਿੱਚ 10 ਤੋ 20 ਪਸ਼ੂਆਂ ਲਈ ਡਿਜਾਇਨ ਤਿਆਰ ਕੀਤੇ ਗਏ ਹਨ ਜਿਨਾ ਦੀ ਲਾਗਤ ਕੀਮਤ ਚਾਰ ਤੋ ਛੇ ਲੱਖ ਰੁਪਏ ਤੱਕ ਹੈ।
ਸ੍ਰੀ ਤਿ੍ਰਪਤ ਬਾਜਵਾ ਨੇ ਦੱਸਿਆ ਕਿ ਅੱਜ ਦਾ ਯੁੱਗ ਵਿਗਿਆਨਕ ਤਕਨੀਕਾਂ ਨੂੰ ਬਰੀਕੀਆਂ ਨਾਲ ਸਮਝਣ ਅਤੇ ਤਨਦੇਹੀ ਨਾਲ ਲਾਗੂ ਕਰਨ ਦਾ ਯੁੱਗ ਹੈ। ਹਰ ਕੰਮ ਅਤੇ ਕਿੱਤੇ ਦੀਆਂ ਆਪਣੀਆਂ ਆਪਣੀਆਂ ਸੁਧਰੀਆਂ ਤਕਨੀਕਾਂ ਹੁੰਦੀਆਂ ਹਨ, ਜਿੰਨਾ ਨੂੰ ਅਪਣਾਕੇ ਇਸ ਕਿੱਤੇ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਕਾਮਯਾਬ ਕਾਰੋਬਾਰੀ ਦਾ ਪਹਿਲਾ ਨੁਕਤਾ ਇਹੀ ਹੈ ਕਿ ਲਾਗਤ ਖਰਚੇ ਕਾਬੂ ਹੇਠ ਰੱਖਕੇ ਗੁਣਵੱਤਾ ਭਰਪੂਰ ਉਪਜ ਮੰਡੀ ਵਿੱਚ ਸੁਚੱਜੇ ਢੰਗ ਨਾਲ ਵੱਧ ਕੀਮਤਾਂ ਤੇ ਵੇਚੀ ਜਾਵੇ। ਅਜੋਕਾ ਡੇਅਰੀ ਧੰਦਾ ਵੀ ਇੱਕ ਅਜਿਹਾ ਧੰਦਾ ਬਣ ਚੁੱਕਾ ਹੈ, ਜਿਸ ਵਿੱਚ ਸੂਚਨਾਂ ਤਕਨਾਲੋਜੀ ਨੂੰ ਪਸ਼ੂਧੰਨ ਦੇ ਪ੍ਰਬੰਧ, ਖਾਦ ਖੁਰਾਕ, ਸਿਹਤ ਸੁਵਿਧਾਵਾਂ ਅਤੇ ਬਿਹਤਰ ਮੰਡੀਕਰਨ ਨਾਲ ਜੋੜ ਕੇ ਲਾਗਤ ਕੀਮਤਾਂ ਨਾਲ ਵੱਧ ਪੈਦਾਵਾਰ ਲਈ ਜਾ ਸਕਦੀ ਹੈ। ਹੁਣ ਦੁੱਧ ਉਤਪਾਦਕਾਂ ਨੂੰ ਬਿਹਤਰ ਕਿਸਾਨ ਬਨਣ ਦੇ ਨਾਲ ਨਾਲ ਬਿਹਤਰ ਮੈਨੇਜਰ ਬਨਣਾ ਪਵੇਗਾ।