ਕਰਨਾਲ : ਕਿਸਾਨਾਂ ’ਤੇ 28 ਅਗੱਸਤ ਨੂੰ ਹੋਏ ਪੁਲਿਸ ਲਾਠੀਚਾਰਜ ਵਿਰੁਧ ਕਰਨਾਲ ’ਚ ਭਲਕੇ ਯਾਨੀ ਕਿ 7 ਸਤੰਬਰ ਨੂੰ ਕਿਸਾਨ ਮਹਾਪੰਚਾਇਤ ਬੁਲਾਈ ਹੈ। ਕਿਸਾਨ ‘ਮਿੰਨੀ ਸਕੱਤਰੇਤ’ ਦਾ ਘਿਰਾਉ ਕਰਨਗੇ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਧਾਰਾ-144 ਲਾਗੂ ਕਰ ਦਿਤੀ ਹੈ, ਜਿਸ ਕਾਰਨ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਉਧਰ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਸੋਮਵਾਰ ਨੂੰ ਕਿਹਾ ਕਿ 7 ਸਤੰਬਰ ਨੂੰ ਮਹਾਪੰਚਾਇਤ ਹੋਵੇਗੀ, ਜਿਸ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਉ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੰਗਲਵਾਰ ਯਾਨੀ ਕਿ 7 ਸਤੰਬਰ ਸਵੇਰੇ 10 ਵਜੇ ਕਰਨਾਲ ਨਵੀਂ ਅਨਾਜ ਮੰਡੀ ’ਚ ਇਕੱਠੇ ਹੋਣਗੇ।’’ ਚੜੂਨੀ ਨੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਇਸ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਹਰਿਆਣਾ ਦੇ ਕਰਨਾਲ ’ਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਸਬੰਧੀ ਪ੍ਰਸ਼ਾਸਨ ਨੇ ਸੋਮਵਾਰ ਨੂੰ ਧਾਰਾ 144 ਲਾਗੂ ਕਰ ਦਿਤੀ ਅਤੇ ਨਾਲ ਹੀ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿਤੀਆਂ ਗਈਆਂ ਹਨ। ਗ੍ਰਹਿ ਵਿਭਾਗ ਅਨੁਸਾਰ ਕਰਨਾਲ ਜ਼ਿਲ੍ਹੇ ’ਚ ਜਨਤਕ ਸੁਰੱਖਿਆ ਅਧੀਨ ਸੋਮਵਾਰ ਦੁਪਹਿਰ 12.30 ਵਜੇ ਤੋਂ 7 ਸਤੰਬਰ (ਅੱਜ) ਰਾਤ 12 ਵਜੇ ਤਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।