ਕਾਬੁਲ : ਅਫ਼ਗ਼ਾਨਿਸਤਾਨ ਤੋਂ ਵਿਦੇਸ਼ੀ ਫ਼ੌਜੀਆਂ ਦਾ ਵਾਪਸ ਪਰਤਣਾ ਜਾਰੀ ਹੈ। ਇਸ ਵਿਚਕਾਰ ਹੁਣ ਤਾਲਿਬਾਨ ਆਪਣੀ ਸਰਕਾਰ ਬਣਾਉਣ ਵਲ ਰੁਖ ਕਰ ਚੁੱਕਾ ਹੈ। ਤਾਲਿਬਾਨ ਆਪਣੇ ਰਾਜ ਵਿਚ ਕਈ ਤਬਦੀਲੀਆਂ ਕਰ ਰਿਹਾ ਹੈ ਅਤੇ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਕ ਅਹਿਮ ਤਬਦੀਲੀ ਜਿਹੜੀ ਤਾਲਿਬਾਨ ਨੇ ਕੀਤੀ ਹੈ ਉਹ ਇਹ ਹੈ ਕਿ ਹੁਣ ਅਫ਼ਗ਼ਾਨਿਸਤਾਨ ਵਿਚ ਅਫ਼ੀਮ ਦੀ ਖੇਤੀ ’ਤੇ ਰੋਕ ਲਗਾ ਦਿਤੀ ਗਈ ਹੈ।
ਤਾਲਿਬਾਨ ਨੇ ਅਫਗਾਨਿਸਤਾਨ ਦੇ ਕਈ ਪਿੰਡਾਂ ਵਿਚ ਇਹ ਫਰਮਾਨ ਕਿਸਾਨਾਂ ਤੱਕ ਪਹੁੰਚਾ ਦਿੱਤਾ ਹੈ ਕਿ ਹੁਣ ਉਹ ਅਫੀਮ ਦੀ ਖੇਤੀ ਨਾ ਕਰਨ ਕਿਉਂਕਿ ਇਸ ਨੂੰ ਦੇਸ਼ ਵਿਚ ਬੈਨ ਕੀਤਾ ਜਾ ਰਿਹਾ ਹੈ। ਵਾਲ ਸ੍ਰਟੀਟ ਜਨਰਲ ਦੀ ਖ਼ਬਰ ਮੁਤਾਬਕ ਕੰਧਾਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਭ ਤੋਂ ਵੱਧ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਇੱਥੇ ਹੁਣ ਕਿਸਾਨਾਂ ਨੂੰ ਇਸ ਦੀ ਖੇਤੀ ਨਾ ਕਰਨ ਦਾ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ।
ਤਾਲਿਬਾਨ ਦੇ ਇਸ ਫਰਮਾਨ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਦੇ ਬਾਜ਼ਾਰ ਵਿਚ ਅਫੀਮ ਦੀ ਕੀਮਤ ਵੱਧ ਗਈ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅੱਗੇ ਅਫੀਮ ਦਾ ਭਵਿੱਖ ਹਨੇਰੇ ਵਿਚ ਹੈ ਮਤਲਬ ਸੁਰੱਖਿਅਤ ਨਹੀਂ ਹੈ। ਇੱਥੇ ਦੱਸ ਦਈਏ ਕਿ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਦਾ ਜ਼ਿਕਰ ਕੀਤਾ ਸੀ ਕਿ ਤਾਲਿਬਾਨ ਦੇ ਰਾਜ ਵਿਚ ਡਰਗੱਜ਼ ਨੂੰ ਇਜਾਜ਼ਤ ਨਹੀਂ ਮਿਲੇਗੀ।