ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਵਿੱਚ ਹੋਰ ਸੁਧਾਰ ਲਿਆਉਣ ਅਤੇ ਸਕੂਲਾਂ ਵਿੱਚ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੁਣ ਤੱਕ 13225 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲਾਂ ਦੌਰਾਨ ਵੱਡਾ ਦਾਖਲਿਆਂ ’ਚ ਵਾਧਾ ਹੋ ਰਿਹਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ 13225 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ। ਸ੍ਰੀ ਸਿੰਗਲਾ ਨੇ ਇਹ ਪ੍ਰੋਜੈਕਟ ਲਾਗੂ ਕਰਨ ਵਾਸਤੇ ਸਤੰਬਰ 2019 ਵਿੱਚ ਸਮਾਰਟ ਸਕੂਲ ਨੀਤੀ ਦੀ ਘੁੰਡ ਚੁਕਾਈ ਕੀਤੀ ਸੀ ਜਿਸ ਦਾ ਮੁੱਖ ਉਦੇਸ਼ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉਚਿਆਉਣਾ ਅਤੇ ਸਿੱਖਿਆ ਖੇਤਰ ਵਿਚ ਇਨਕਲਾਬੀ ਬਦਲਾਅ ਲਿਆਉਣਾ ਸੀ।
ਬੁਲਾਰੇ ਅਨੁਸਾਰ ਸਮਾਰਟ ਸਕੂਲਾਂ ਨੂੰ ਅਮਲ ਵਿੱਚ ਲਿਆਉਣ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ, ਵੱਖ-ਵੱਖ ਆਗੂਆਂ, ਭਾਈਚਾਰਿਆਂ, ਦਾਨੀ ਸੱਜਣਾ, ਸਕੂਲ ਪ੍ਰਬੰਧਿਕ ਕਮੇਟੀਆਂ, ਪਰਵਾਸੀ ਭਾਰਤੀਆਂ ਅਤੇ ਸਕੂਲਾਂ ਦੇ ਸਟਾਫ ਵੱਲੋਂ ਵਢਮੁੱਲਾ ਯੋਗਦਾਨ ਪਾਇਆ ਹੈ। ਸਕੂਲਾਂ ਦੇ ਕਮਰਿਆਂ, ਖੇਡ ਮੈਦਾਨਾਂ, ਸਿੱਖਿਆ ਪਾਰਕਾਂ, ਸਾਇੰਸ ਲੈਬਰਾਟਰੀਆਂ ਅਤੇ ਪਖਾਨਿਆਂ ਦੀ ਸਥਿਤੀ ਵਿੱਚ ਸੁਧਾਰ ਲਿਆਂਦਾ ਗਿਆ ਹੈ। ਇਹ ਸਮਾਰਟ ਸਕੂਲ ਆਮ ਸਕੂਲਾਂ ਨਾਲੋਂ ਪੂਰੀ ਤਰਾਂ ਵੱਖਰੇ ਹਨ। ਸਮਾਰਟ ਸਕੂਲ ਤਕਨਾਲੋਜੀ ਦੇ ਅਧਾਰਤ ਸਿੱਖਣ ਵਾਲੀਆਂ ਸੰਸਥਾਵਾਂ ਹਨ ਜੋ ਕਿ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਤੋਂ ਇਲਾਵਾ ਸਮਾਜ ਅਧਾਰਤ ਸੂਚਨਾ ਤੇ ਗਿਆਨ ਲਈ ਬੱਚਿਆਂ ਨੂੰ ਤਿਆਰ ਕਰਦੀਆਂ ਹਨ। ਹਰੇਕ ਸਮਾਰਟ ਸਕੂਲ ਦੇ ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਅਨੁਸਾਰ ਹਰੇਕ ਸੈਕਸ਼ਨ ਲਈ ਵੱਖਰਾ ਕਲਾਸ ਰੂਮ ਹੈ। ਇਹ ਕਾਫੀ ਖੁੱਲੇ, ਹਵਾਦਾਰ ਅਤੇ ਹਰੇ/ਚਿੱਟੇ ਬੋਰਡਾਂ ਵਾਲੇ ਹਨ।