ਸਨਾ : ਯਮਨ ਦੇ ਦਖਣ ਵਿਚ ਐਤਵਾਰ ਨੂੰ ਇਕ ਪ੍ਰਮੁੱਖ ਮਿਲਟਰੀ ਅੱਡੇ ’ਤੇ ਇਕ ਮਿਜ਼ਾਈਲ ਅਤੇ ਵਿਸਫੋਟਕ ਨਾਲ ਭਰੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ-ਘੱਟ 5 ਸੈਨਿਕਾਂ ਦੀ ਮੌਤ ਹੋ ਗਈ। ਸੈਨਾ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਦਖਣੀ ਸੂਬੇ ਲਾਹਜ ਵਿਚ ਅਲ-ਆਨਦ ਅੱਡਿਆਂ ’ਤੇ ਘੱਟੋ-ਘੱਟੋ ਤਿੰਨ ਧਮਾਕੇ ਹੋਏ। ਇਸ ਅੱਡੇ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਦਾ ਕੰਟਰੋਲ ਹੈ। ਇਸ ਹਮਲੇ ਵਿਚ ਦੋ ਦਰਜਨ ਤੋਂ ਵੱਧ ਸੈਨਿਕ ਜ਼ਖ਼ਮੀ ਹੋ ਗਏ। ਯਮਨ 2014 ਤੋਂ ਹੀ ਗ੍ਰਹਿ ਯੁੱਧ ਵਿਚ ਉਲਝਿਆ ਹੋਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਅੱਡੇ ਦੇ ਸਿਖਲਾਈ ਇਲਾਕੇ ਵਿਚ ਇਕ ਬੈਲਿਸਟਿਕ ਮਿਜ਼ਾਈਲ ਡਿੱਗੀ, ਜਿਥੇ ਸਵੇਰ ਵੇਲੇ ਦਰਜਨਾਂ ਸੈਨਿਕ ਅਭਿਆਸ ਕਰ ਰਹੇ ਸਨ। ਅਧਿਕਾਰੀਆਂ ਨੇ ਇਸ ਲਈ ਹੁਤੀ ਬਾਗ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।