ਪੰਜਾਬ ਦੀਆਂ ਆਂਗਨਵਾੜੀਆਂ ਨੂੰ ਕੀਤਾ ਜਾਵੇਗਾ ਮਜ਼ਬੂਤ: ਅਰੁਨਾ ਚੌਧਰੀ
ਆਧੁਨਿਕ ਫਰਨੀਚਰ ਤੇ ਵਾਲ ਪੇਂਟਿੰਗਾਂ ਨਾਲ ਸਜਣਨਗੇ ਆਂਗਨਵਾੜੀ ਕੇਂਦਰ
ਆਂਗਨਵਾੜੀ ਮੁਲਾਜ਼ਮ ਜਥੇਬੰਦੀਆਂ ਤੋਂ ਆਂਗਨਵਾੜੀ ਕੇਂਦਰਾਂ ਨੂੰ ਬਿਹਤਰ ਬਣਾਉਣ ਲਈ ਲਏ ਸੁਝਾਅ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਨੂੰ ਪੜਾਅਵਾਰ ਮਾਡਲ ਆਂਗਨਵਾੜੀ ਕੇਂਦਰਾਂ ਵਿੱਚ ਬਦਲਿਆ ਜਾਵੇਗਾ, ਜਿਸ ਵਿੱਚ ਛੋਟੇ ਬੱਚਿਆਂ ਵਿੱਚ ਸਿੱਖਣ ਦੀ ਰੁਚੀ ਪੈਦਾ ਕਰਨ ਲਈ ਨਵੀਆਂ ਸਿੱਖਣ ਤਕਨੀਕਾਂ ਅਤੇ ਰੰਗਦਾਰ ਪੇਂਟਿੰਗਾਂ ਉਤੇ ਜ਼ੋਰ ਦਿੱਤਾ ਜਾਵੇਗਾ। ਕੰਧ ਚਿੱਤਰਾਂ ਰਾਹੀਂ ਬੱਚਿਆਂ ਨੂੰ ਸਿਖਾਉਣ ਦੇ ਨਾਲ-ਨਾਲ ਪਿੰਡ ਪੱਧਰ ਉਤੇ ਆਂਗਨਵਾੜੀ ਕੇਂਦਰਾਂ ਲਈ ਸੰਕੇਤ ਲਾਏ ਜਾਣਗੇ ਤਾਂ ਕਿ ਉਨਾਂ ਦੀ ਪਿੰਡ ਪੱਧਰ ਉਤੇ ਅਹਿਮ ਸੰਸਥਾ ਵਜੋਂ ਪਛਾਣ ਬਣੇ। ਆਂਗਨਵਾੜੀ ਕੇਂਦਰਾਂ ਦੀਆਂ ਜ਼ਰੂਰਤਾਂ ਮੁਤਾਬਕ ਫਰਨੀਚਰ ਅਤੇ ਆਧੁਨਿਕ ਉਪਕਰਨ ਹਰੇਕ ਕੇਂਦਰ ਨੂੰ ਮੁਹੱਈਆ ਕਰਨ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ।
ਇੱਥੇ ਪੰਜਾਬ ਭਵਨ ਵਿੱਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਆਂਗਨਵਾੜੀ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਹੋਈ ਮੀਟਿੰਗ ਦੌਰਾਨ, ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਕਿਰਾਏ ਦੀਆਂ ਇਮਾਰਤਾਂ ਜਾਂ ਹੋਰ ਥਾਵਾਂ ਉਤੇ ਚੱਲਦੇ ਆਂਗਨਵਾੜੀ ਸੈਂਟਰਾਂ ਨੂੰ ਆਪਣੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇਗਾ ਤਾਂ ਕਿ ਬੱਚੇ ਸੁਰੱਖਿਅਤ ਮਾਹੌਲ ਵਿੱਚ ਰਹਿ ਸਕਣ।
ਆਂਗਨਵਾੜੀ ਕੇਂਦਰਾਂ ਨੂੰ ਬੱਚਿਆਂ ਲਈ ਛੇਤੀ ਖੋਲਣ ਦੇ ਮੁੱਦੇ ਉਤੇ ਉਨਾਂ ਕਿਹਾ ਕਿ ਇਸ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤੇ ਇਨਾਂ ਆਂਗਨਵਾੜੀ ਕੇਂਦਰਾਂ ਨੂੰ ਛੇਤੀ ਹੀ ਬੱਚਿਆਂ ਲਈ ਖੋਲਿਆ ਜਾਵੇਗਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਜਿਨਾਂ ਆਂਗਨਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਕਰਵਾਉਣ ਦੀ ਲੋੜ ਹੈ, ਉਨਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਹ ਪੰਜਾਬ ਦੇ ਆਂਗਨਵਾੜੀ ਕੇਂਦਰਾਂ ਨੂੰ ਦੇਸ਼ ਭਰ ਵਿੱਚੋਂ ਸਭ ਤੋਂ ਮਿਆਰੀ ਬਣਾਉਣ ਦੇ ਇੱਛੁਕ ਹਨ। ਇਸ ਲਈ ਸੁਝਾਵਾਂ ਵਾਸਤੇ ਅੱਜ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਮਿਲੇ ਸੁਝਾਵਾਂ ਉਤੇ ਅਮਲ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ। ਉਨਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿੱਚ ਹੀ ਟੀਕਾਕਰਨ ਕੈਂਪ ਲਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਅਤੇ ਅਨੀਮੀਆ ਤੋਂ ਮੁਕਤੀ ਜਾਂ ਹੋਰ ਸੇਵਾਵਾਂ ਤੋਂ ਵਾਂਝਾ ਨਾ ਰਹੇ।
ਸ੍ਰੀਮਤੀ ਅਰੁਨਾ ਚੌਧਰੀ ਨੇ ਇਹ ਵੀ ਆਖਿਆ ਕਿ ਫਰੰਟਲਾਈਨ ਆਂਗਨਵਾੜੀ ਟੀਮ ਵੱਲੋਂ ਜ਼ਮੀਨੀ ਪੱਧਰ ਉਤੇ ਦਿੱਤੀਆਂ ਸੇਵਾਵਾਂ ਨਾਲ ਹੀ ਸੂਬੇ ਵਿੱਚ ਅਜਿਹਾ ਆਧਾਰ ਤਿਆਰ ਹੋਇਆ, ਜਿਸ ਨਾਲ ਔਰਤਾਂ, ਬੱਚਿਆਂ ਤੇ ਕਿਸ਼ੋਰ ਉਮਰ ਵਾਲਿਆਂ ਦੀ ਸਿਹਤ ਤੇ ਪੋਸ਼ਣ ਦੀ ਦਿਸ਼ਾ ਵਿੱਚ ਸੂਬੇ ਨੇ ਵੱਡੀ ਉਪਲਬਧੀ ਹਾਸਲ ਕੀਤੀ। ਉਨਾਂ ਇਕੱਲੇ ਇਕੱਲੇ ਵਰਕਰ ਤੋਂ ਸੁਝਾਅ ਲਏ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਸੁਝਾਅ ਉਤੇ ਫੌਰੀ ਅਮਲ ਕਰਨ ਲਈ ਕਿਹਾ ਤਾਂ ਕਿ ਸੇਵਾਵਾਂ ਵਿੱਚ ਸੁਧਾਰ ਕਰ ਕੇ ਰਾਜ ਦੇ ਲੱਖਾਂ ਲਾਭਪਾਤਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।
ਇਸ ਦੌਰਾਨ ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ ਨੇ ਆਂਗਨਵਾੜੀ ਵਰਕਰਾਂ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਫਰੰਟਲਾਈਨ ਵਰਕਰਾਂ ਵਜੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ, ਜਿਸ ਰਾਹੀਂ ਪੰਜਾਬ ਇਸ ਮਹਾਂਮਾਰੀ ਨਾਲ ਦੂਜਿਆਂ ਸੂਬਿਆਂ ਨਾਲੋਂ ਬਿਹਤਰ ਢੰਗ ਨਾਲ ਸਿੱਝ ਸਕਿਆ। ਉਨਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦਾ ਕੰਮ ਦਾ ਬਹੁਤਾ ਪ੍ਰਚਾਰ ਨਹੀਂ ਹੁੰਦਾ ਪਰ ਇਸ ਦੇ ਬਾਵਜੂਦ ਇਹ ਵਰਕਰ ਤੇ ਹੈਲਪਰ ਆਪਣਾ ਕੰਮ ਇਮਾਨਦਾਰੀ ਤੇ ਸੰਜੀਦਗੀ ਨਾਲ ਕਰ ਰਹੀਆਂ ਹਨ।
ਮੀਟਿੰਗ ਦੌਰਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਾਣ ਭੱਤੇ ਵਿੱਚ ਵਾਧਾ ਕਰਨ ਦੀ ਲੰਬੇ ਸਮੇਂ ਤੋਂ ਰਹਿੰਦੀ ਮੰਗ ਨੂੰ ਪੂਰਾ ਕਰਨ ਉਤੇ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ ਉਤੇ ਵਰਕਰਾਂ ਦਾ ਮਨੋਬਲ ਵਧੇਗਾ ਅਤੇ ਉਹ ਵੱਧ ਵਚਨਬੱਧਤਾ ਨਾਲ ਆਪਣਾ ਕੰਮ ਕਰਨਗੀਆਂ। ਉਨਾਂ ਜਾਇਜ਼ ਮੰਗਾਂ ਦੇ ਹੱਕ ਵਿੱਚ ਖੜਨ ਤੇ ਵਰਕਰਾਂ ਤੇ ਹੈਲਪਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਕੈਬਨਿਟ ਮੰਤਰੀ ਸ੍ਰੀਮਤੀ ਚੌਧਰੀ ਦਾ ਧੰਨਵਾਦ ਕੀਤਾ।
ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਨਾਲ ਬਿਹਤਰ ਤਾਲਮੇਲ ਲਈ ਇਕ ਸਾਂਝੀ ਐਕਸ਼ਨ ਕਮੇਟੀ ਦੀ ਤਜਵੀਜ਼ ਕੀਤੀ ਗਈ ਹੈ ਤਾਂ ਕਿ 2017 ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੌਜੂਦਾ ਸੰਦਰਭ ਵਿੱਚ ਲਾਗੂ ਕੀਤਾ ਜਾ ਸਕੇ, ਜਿਸ ਵਿੱਚ ਮੁੱਖ ਤੌਰ ਉਤੇ ਸਿੱਖਿਆ ਵਿਭਾਗ ਦੇ ਵਾਲੰਟੀਅਰਾਂ ਨੂੰ ਇਕ ਘੰਟੇ ਲਈ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਪੜਾਉਣ ਲਈ ਭੇਜਣਾ ਸ਼ਾਮਲ ਸੀ। ਉਨਾਂ ਦੱਸਿਆ ਕਿ ਇਕ ਵਾਰ ਕਮੇਟੀ ਬਣ ਜਾਣ ਤੋਂ ਬਾਅਦ ਇਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਮਦਦ ਮਿਲੇਗੀ।
ਮੀਟਿੰਗ ਦੌਰਾਨ ਆਂਗਨਵਾੜੀ ਕੇਂਦਰਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਬਾਰੇ ਸੁਝਾਅ ਦਿੰਦਿਆਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਆਲ ਇੰਡੀਆ ਪ੍ਰਧਾਨ ਊਸ਼ਾ ਰਾਣੀ ਨੇ ਛੇਤੀ ਤੋਂ ਛੇਤੀ ਆਂਗਨਵਾੜੀ ਕੇਂਦਰਾਂ ਵਿੱਚ ਲਰਨਿੰਗ ਕਿੱਟਾਂ ਦੇਣ ਦਾ ਸੁਝਾਅ ਦਿੱਤਾ। ਉਨਾਂ ਕਿਹਾ ਕਿ ਪਿੰਡਾਂ ਵਿੱਚ ਆਂਗਨਵਾੜੀ ਦੇ ਸਾਈਨ ਬੋਰਡ ਲਾਏ ਜਾਣ ਅਤੇ ਕੇਂਦਰਾਂ ਦੀਆਂ ਦੀਵਾਰਾਂ ਉਤੇ ਆਂਗਨਵਾੜੀ ਕੇਂਦਰਾਂ ਰਾਹੀਂ ਮਿਲਦੇ ਰਾਸ਼ਨ ਦੀ ਸੂਚੀ ਦਰਸਾਈ ਜਾਵੇ।
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਬੱਚਿਆਂ ਦੇ ਟੀਕਾਕਰਨ ਕੈਂਪ ਆਂਗਨਵਾੜੀ ਕੇਂਦਰਾਂ ਵਿੱਚ ਲਾਉਣ ਦੀ ਮੰਗ ਰੱਖੀ। ਉਨਾਂ ਸਿਹਤ ਤੇ ਸਿੱਖਿਆ ਵਿਭਾਗ ਨਾਲ ਬਿਹਤਰ ਤਾਲਮੇਲ ਬਾਰੇ ਵੀ ਆਖਿਆ। ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਏਟਕ ਪੰਜਾਬ ਦੀ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਨੇ ਆਂਗਨਵਾੜੀ ਕੇਂਦਰ ਛੇਤੀ ਖੋਲਣ ਦੀ ਮੰਗ ਰੱਖੀ।
ਮੀਟਿੰਗ ਦੌਰਾਨ ਜੁਆਇੰਟ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਕੋਰੇ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਵੀ ਹਾਜ਼ਰ ਸਨ।