Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਮੰਤਰੀ ਨੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਤਰਜੀਹ ਦੇਣ ਸਣੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ: ਸੁਖਵਿੰਦਰ ਸਿੰਘ ਬਿੰਦਰਾ

August 28, 2021 10:47 AM

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਚੰਡੀਗੜ੍ਹ (ਸੱਚੀ ਕਲਮ ਬਿਊਰੋ) :  ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਤਰਜੀਹ ਦੇਣ ਸਣੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ਹੈ।

ਇਥੇ ਜਾਰੀ ਬਿਆਨ ਵਿਚ ਚੇਅਰਮੈਨ ਸ੍ਰੀ ਬਿੰਦਰਾ ਨੇ ਦੱਸਿਆ ਕਿ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਵਰਤਦਿਆਂ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਉਨਾਂ ਦੀ ਵਧੇਰੇ ਭੂਮਿਕਾ ਯਕੀਨੀ ਬਣਾਉਣ ਸਬੰਧੀ ਚੰਡੀਗੜ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਸਭਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।

ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਬਿੰਦਰਾ ਨੇ ਮੁੱਖ ਮੰਤਰੀ ਨੂੰ ਉਨਾਂ ਯੂਥ ਕਲੱਬਾਂ ਦਾ ਵਿਸ਼ੇਸ਼ ਸਨਮਾਨ ਕਰਨ ਦੀ ਅਪੀਲ ਵੀ ਕੀਤੀ, ਜੋ ਪੇਂਡੂ ਖੇਤਰਾਂ ਵਿੱਚ ਅਣਥੱਕ ਮਿਹਨਤ ਕਰ ਰਹੇ ਹਨ। ਉਨਾਂ ਕਿਹਾ ਕਿ ਯੂਥ ਕਲੱਬਾਂ ਨੇ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਇਸ ਮਹਾਂਮਾਰੀ ਤੋਂ ਬਚਾਅ ਦੇ ਤਰੀਕੇ, ਕੋਵਿਡ ਦੇ ਟੀਕੇ ਦੀ ਅਹਿਮੀਅਤ ਅਤੇ ਪੇਂਡੂ ਲੋਕਾਂ ਵਿੱਚ ਟੈਸਟਿੰਗ ਬਾਰੇ ਤੀਬਰ ਜਾਗਰੂਕਤਾ ਮੁਹਿੰਮ ਚਲਾਉਣ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸਨ ਕੀਤਾ ਹੈ।

ਸ੍ਰੀ ਬਿੰਦਰਾ ਨੇ ਸੂਬੇ ਦੀਆਂ ਭਲਾਈ ਸਕੀਮਾਂ ਬਣਾਉਣ ਵੇਲੇ ਨੌਜਵਾਨਾਂ ‘ਤੇ ਵਿਸ਼ੇਸ਼ ਜ਼ੋਰ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇੱਕ ਲੱਖ ਸਰਕਾਰੀ ਨੌਕਰੀਆਂ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੁਕੰਮਲ ਮੈਰਿਟ ਦਾ ਅਧਾਰ ‘ਤੇ ਹੋ ਰਹੀ ਇਸ ਭਰਤੀ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ। 

ਚੇਅਰਮੈਨ ਸ. ਬਿੰਦਰਾ ਨੇ ਕਿਹਾ ਕਿ ਕਿਸੇ ਵੀ ਰਾਜ ਦੀ ਅਸਲ ਸੰਪਤੀ ਮੰਨੇ ਜਾਂਦੇ ਨੌਜਵਾਨਾਂ ਵਿੱਚ ਦੁਨੀਆਂ ਨੂੰ ਬਦਲਣ ਦੀ ਸਕਤੀ ਹੈ। ਉਨਾਂ ਕਿਹਾ ਕਿ ਅਜਿਹੇ ਦੇਸਾਂ ਨੇ ਵਿਸਵ ਵਿੱਚ ਨਾਮਣਾ ਖੱਟਿਆ ਹੈ, ਜਿੱਥੋਂ ਦੇ ਨੌਜਵਾਨਾਂ ਨੇ ਸਮਾਜ ਦੇ ਵਿਕਾਸ ਵਿੱਚ ਉਸਾਰੂ ਭੂਮਿਕਾ ਨਿਭਾਈ ਹੈ।

 

Have something to say? Post your comment

Subscribe