ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਦਿਆਰਥੀਆਂ ਦੀ ਤਿਆਰੀ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਇਮਤਿਆਨ 12 ਨਵੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਬੇਹਤਰ ਕਾਰਗੁਜਾਰੀ ਵਾਸਤੇ ਅਧਿਆਪਕਾਂ ਨੂੰ ਪ੍ਰਸ਼ਨ ਬੈਂਕ ਤਿਰਾਰ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧ ਵਿੱਚ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮਾਂ ਨੂੰ ਵੀ ਅਧਿਆਪਕਾਂ ਦੀ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨਾਂ ਟੀਮਾਂ ਨੂੰ ਸਕੂਲ ਪੱਧਰ ’ਤੇ ਤਿਆਰ ਕੀਤੇ ਪ੍ਰਸ਼ਨਾਂ ਨੂੰ ਜ਼ਿਲਾ ਪੱਧਰ ’ਤੇ ਸੰਕਲਿਤ ਕਰਨ ਲਈ ਆਖਿਆ ਗਿਆ ਹੈ।
ਬੁਲਾਰੇ ਅਨੁਸਾਰ ਅਧਿਆਪਕਾਂ ਨੂੰ ਵੱਧ ਤੋਂ ਵੱਧ ਪ੍ਰਸ਼ਨ ਤਿਆਰ ਕਰਕੇ ਵਿਦਿਆਰਥੀਆਂ ਨੂੰ ਅਭਿਆਸ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਮੁਲਾਂਕਣ ਪੱਤਰ ਆਨ ਲਾਈਨ ਅਤੇ ਆਫ ਲਾਈਨ ਦੋਵਾਂ ਰੂਪ ਵਿੱਚ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਸਾਰੇ ਵਿਦਿਆਰਥੀਆਂ ਦੀ ਤਿਆਰੀ ਹੋ ਸਕੇ। ਮੁਲਾਂਕਣ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਦੇ ਨਾਲ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ ਲਈ ਵੀ ਅਧਿਆਪਕਾਂ ਨੂੰ ਆਖਿਆ ਗਿਆ ਹੈ।
ਬੁਲਾਰੇ ਅਨੁਸਾਰ ਨੈਸ਼ਨਲ ਅਚੀਵਮੈਂਟ ਸਰਵੇ ਦਾ ਆਧਾਰ ਸਿੱਖਣ ਪਰਿਮਾਣ ਹਨ। ਇਸ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਜਿਹੜੇ ਪ੍ਰਸ਼ਨ ਆਉਦੇ ਹਨ, ਉਹ ਵਿਦਿਆਰਥੀਆਂ ਦੀ ਸਿੱਖਣ ਯੋਗਤਾ ਦੀ ਪਰਖ ਕਰਦੇ ਹਨ। ਇਸ ਪ੍ਰੀਖਿਆ ਦੌਰਾਨ ਪ੍ਰਸ਼ਨ ਸਿੱਧੇ ਕਿਤਾਬਾਂ ਦੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਨਹੀਂ ਆਉਦੇ ਸਗੋਂ ਸਿਲੇਬਸ ਦੇ ਸੰਕਲਪ ਵਿੱਚੋਂ ਆਉਦੇ ਹਨ। ਇਸ ਪ੍ਰੈਕਟਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਪੱਧਰ ਬੇਹਤਰ ਬਣਦਾ ਹੈ।