ਬੀਜਿੰਗ : ਚੀਨ ਨੇ ਬੁੱਧਵਾਰ ਯਾਨੀ ਅੱਜ ਕਿਹਾ ਕਿ ਉਹ ਅਫ਼ਗ਼ਾਨਿਸਤਾਨ ’ਚ ਸਰਕਾਰ ਦੇ ਗਠਨ ਦੇ ਬਾਅਦ ਹੀ ਦੇਸ਼ ਵਿਚ ਤਾਲਿਬਾਨ ਨੂੰ ਰਾਜਨੀਤਕ ਮਾਨਤਾ ਦੇਣ ਦਾ ਫ਼ੈਸਲਾ ਕਰੇਗਾ ਅਤੇ ਉਸ ਨੂੰ ਉਮੀਦ ਹੈ ਕਿ ਉਹ ਸਰਕਾਰ ‘ਖੁਲ੍ਹੀ, ਮਿਲੀ-ਜੁਲੀ ਅਤੇ ਵਿਆਪਕ ਪ੍ਰਤੀਨਿਧਤਾ’ ਵਾਲੀ ਹੋਵੇਗੀ। ਇਥੇ ਇਕ ਮੀਡੀਆ ਬ੍ਰੀਫ਼ਿੰਗ ਵਿਚ ਇਹ ਪੁੱਛੇ ਜਾਣ ’ਤੇ ਕਿ ਚੀਨ ਤਾਲਿਬਾਨ ਨੂੰ ਰਾਜਨੀਤਕ ਮਾਨਤਾ ਕਦੋਂ ਦਵੇਗਾ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜਿਅਨ ਨੇ ਕਿਹਾ, ‘‘ਅਫ਼ਗ਼ਾਨਿਸਤਾਨ ਦੇ ਮੁੱਦੇ ’ਤੇ ਚੀਨ ਦੀ ਸਥਿਤੀ ਸਪਸ਼ਟ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਸਾਨੂੰ ਕਿਸੇ ਸਰਕਾਰ ਨੂੰ ਮਾਨਤਾ ਦੇਣੀ ਹੈ, ਤਾਂ ਪਹਿਲੀ ਗੱਲ ਇਹ ਹੈ ਕਿ ਸਾਨੂੰ ਉਦੋਂ ਤਕ ਇੰਤਜ਼ਾਰ ਕਰਨਾ ਹੋਵੇਗਾ ਜਦ ਤਕ ਕਿ ਸਰਕਾਰ ਦਾ ਗਠਨ ਨਹੀਂ ਹੋ ਜਾਂਦਾ।’’
ਉਨ੍ਹਾਂ ਨੇ ਚੀਨ ਦੇ ਇਸ ਰੁਖ ਨੂੰ ਦੁਹਰਾਇਆ ਕਿ ਹੋਰ ਗੁਟਾਂ ਦੀ ਸਲਾਹ ਨਾਲ ਇਕ ‘‘ਖੁਲ੍ਹੀ ਅਤੇ ਮਿਲੀ ਜੁਲੀ’’ ਸਰਕਾਰ ਬਣਾਉਣ ਦੇ ਇਲਾਵਾ ਤਾਲਿਬਾਨ ਨੂੰ ਕਿਸੇ ਵੀ ਅਤਿਵਾਦੀ ਤਾਕਤਾਂ ਖ਼ਾਸਕਰ ਕੇ ਸ਼ਿਨਜਿਆਂਗ ਸੂਬੇ ਦੇ ਉਈਗਰ ਅਤਿਵਾਦੀ ਸਮੂਹ ਈਟੀਆਈਐਮ ਨੂੰ ਇਜਾਜ਼ਤ ਨਹੀਂ ਦੇਣ ਦਾ ਅਪਣਾ ਵਾਅਦਾ ਨਿਭਾਉਣਾ ਚਾਹੀਦਾ।