ਕਾਬੁਲ : ਅਫ਼ਗ਼ਾਨਿਸਤਾਨ ਵਿਚ ਖ਼ੂਨ ਖ਼ਰਾਬਾ ਨਾ ਹੋਵੇ ਇਸੇ ਕਰ ਕੇ ਮੈਂ ਦੇਸ਼ ਛੱਡਿਆ ਹੈ। ਇਹ ਕਹਿਣਾ ਹੈ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ। ਉਨ੍ਹਾਂ ਨੇ ਤਾਲਿਬਾਨ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਉਹ ਆਪਣੇ ਇਰਾਦੇ ਦਸਣ। ਇਥੇ ਦਸਣਯੋਗ ਹੈ ਕਿ ਤਾਲਿਬਾਨ ਦੇ ਲੜਾਕਿਆਂ ਨੇ ਐਤਵਾਰ ਨੂੰ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਇਸ ਮਗਰੋਂ ਸਰਕਾਰ ਨੇ ਗੋਢੇ ਟੇਕ ਦਿੱਤੇ ਅਤੇ ਰਾਸ਼ਟਰਪਤੀ ਗਨੀ ਦੇਸ਼ੀ ਅਤੇ ਵਿਦੇਸ਼ੀ ਨਾਗਰਿਕਾਂ ਨਾਲ ਦੇਸ਼ ਛੱਡ ਕੇ ਚਲੇ ਗਏ। ਇਸ ਮੌਕੇ ਗਨੀ ਨੇ ਕਿਹਾ ਕਿ ਮੇਰੇ ਕੋਲ 2 ਰਸਤੇ ਸਨ, ਪਹਿਲਾ ਤਾਂ ਰਾਸ਼ਟਰਪਤੀ ਭਵਨ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ‘ਹਥਿਆਰਬੰਦ ਤਾਲਿਬਾਨ’ ਦਾ ਸਾਹਮਣਾ ਕਰਾਂ ਜਾਂ ਆਪਣੇ ਪਿਆਰੇ ਦੇਸ਼ ਨੂੰ ਛੱਡ ਦੇਵਾ, ਜਿਸ ਦੀ ਰੱਖਿਆ ਲਈ ਮੈਂ ਆਪਣੇ ਜੀਵਨ ਦੇ 20 ਸਾਲ ਸਮਰਪਿਤ ਕਰ ਦਿੱਤੇ।’ ਦਰਅਸਲ ਗਨੀ ਨੇ ਸਨਿਚਰਵਾਰ ਨੂੰ ਫ਼ੇਸਬੁੱਕ ’ਤੇ ਇਕ ਪੋਸਟ ਲਿਖੀ ਸੀ ਕਿ 60 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਵੱਡੀ ਮਨੁੱਖੀ ਤ੍ਰਾਸਦੀ ਹੋ ਸਕਦੀ ਸੀ, ਤਾਲਿਬਾਨ ਨੇ ਮੈਨੂੰ ਹਟਾਉਣ ਲਈ ਇਹ ਸਭ ਕੀਤਾ ਹੈ ਅਤੇ ਉਹ ਪੂਰੇ ਕਾਬੁਲ ’ਤੇ ਹਮਲਾ ਕਰਨ ਆਏ ਹਨ। ਇਸ ਲਈ ਮੈਂ ਇਹ ਖ਼ੂਨ ਖ਼ਰਾਬਾ ਨਾ ਹੋਵੇ ਇਸੇ ਲਈ ਮੈਂ ਦੇਸ਼ ਛੱਡ ਕੇ ਜਾ ਰਿਹਾ ਹਾਂ।