ਟੋਕਿਉ : ਟੋਕਿਉ ਵਿਚ ਕੋਰੋਨਾ ਦੇ ਤਕਰੀਬਨ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ 6 ਮਹੀਨਿਆਂ ਵਿਚ ਸਭ ਤੋਂ ਵੱਧ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਟੋਕਿਓ ਵਿਚ 1, 979 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ 15 ਜਨਵਰੀ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। 15 ਜਨਵਰੀ ਵਾਲੇ ਦਿਨ 2, 044 ਨਵੇਂ ਕੇਸ ਸਾਹਮਣੇ ਆਏ ਸਨ।
ਟੋਕਿਉ ਉਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਿੰਦੇ ਸੁਗਾ ਨੇ 12 ਜੁਲਾਈ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਨਵੇਂ ਕੇਸਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਟੋਕਿਓ ਵਿਚ ਐਮਰਜੈਂਸੀ 22 ਅਗਸਤ ਤੱਕ ਲਾਗੂ ਰਹੇਗੀ। ਜਾਪਾਨ ਵਿਚ ਹੁਣ ਤੱਕ 8.53 ਲੱਖ ਤੋਂ ਵੱਧ ਮਾਮਲੇ ਅਤੇ 15, 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਮੌਤਾਂ ਇਸ ਸਾਲ ਹੀ ਹੋਈਆਂ ਹਨ।
ਟੋਕਿਉ ਉਲੰਪਿਕ ਵਿਚ ਦਰਸ਼ਕਾਂ ਦੇ ਆਉਣ ’ਤੇ ਪਾਬੰਦੀ ਲਗਾਈ ਗਈ ਹੈ, ਜੋ ਪਹਿਲਾਂ ਹੀ ਇਕ ਸਾਲ ਦੇਰੀ ਨਾਲ ਚੱਲ ਰਿਹਾ ਹੈ। ਮਹਾਂਮਾਰੀ ਦੌਰਾਨ ਉਲੰਪਿਕਸ ਦੇ ਆਯੋਜਨ ਲਈ ਪ੍ਰਧਾਨ ਮੰਤਰੀ ਯੋਸ਼ੀਹਿੰਦੇ ਦੀ ਵੀ ਆਲੋਚਨਾ ਹੋ ਰਹੀ ਹੈ। ਮੀਡੀਆ ਦੇ ਸਰਵੇਖਣ ਵਿਚ ਉਹਨਾਂ ਦੀ ਰੇਟਿੰਗ ਲਗਭਗ 30% ਤੱਕ ਘੱਟ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਾਪਾਨ ਵਿਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਲਾਗ ਤੇਜ਼ੀ ਨਾਲ ਵੱਧ ਰਹੀ ਹੈ, ਜਿਨ੍ਹਾਂ ਨੇ ਕੋਰੋਨਾ ਦੀ ਡੋਜ਼ ਨਹੀਂ ਲਈ ਹੈ। ਜਪਾਨ ਵਿਚ ਟੀਕਾਕਰਣ ਦੀ ਗਤੀ ਵੀ ਹੌਲੀ ਹੈ। ਅਜੇ ਤੱਕ ਸਿਰਫ਼ 23% ਆਬਾਦੀ ਨੂੰ ਇੱਥੇ ਵੈਕਸੀਨ ਲਗਾਈ ਗਈ ਹੈ। ਮਾਹਰਾਂ ਨੇ ਖਦਸ਼ਾ ਜਤਾਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਟੋਕਿਓ ਵਿਚ ਕੋਰੋਨਾ ਦੇ ਕੇਸ ਹੋਰ ਵਧ ਜਾਣਗੇ।