Friday, November 22, 2024
 

ਲਿਖਤਾਂ

ਦਿਮਾਗੀ ਬਾਂਦਰ .....

July 21, 2021 10:23 PM

ਇੱਕ ਜੰਗਲ ਵਿਚਲੇ ਬਾਂਦਰਾਂ ਵਿੱਚੋਂ ਇੱਕ ਬਾਂਦਰ ਕੁਝ ਵਧੇਰੇ ਹੀ ਚੁਸਤ ਚਲਾਕ ਸੀ। ਇੱਕ ਦਿਨ ਜੰਗਲ ਵਿੱਚ ਘੁੰਮਦਿਆਂ ਘੁੰਮਦਿਆਂ ਉਸਨੂੰ ਇੱਕ ਥੈਲਾ ਲੱਭਿਆ। ਬਾਂਦਰ ਨੇ ਸੋਚਿਆ ਕਿ ਜ਼ਰੂਰ ਇਸ ਵਿੱਚ ਕੋਈ ਖਾਣ ਵਾਲੀ ਚੀਜ਼ ਹੋਵੇਗੀ, ਇਸ ਕਰਕੇ ਉਸਨੇ ਇਸ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਕੁਝ ਕੱਪੜੇ ਸਨ ਜਿਨ੍ਹਾਂ ਨੂੰ ਉਹ ਇੱਕ ਇੱਕ ਕਰਕੇ ਬਾਹਰ ਕੱਢਦਾ ਗਿਆ ਅਤੇ ਸੁੱਟਦਾ ਗਿਆ। ਅਖੀਰ ’ਤੇ ਉਸਨੂੰ ਇੱਕ ਚੌਰਸ ਜਿਹੀ ਚੀਜ਼ ਮਿਲੀ। ਬਾਂਦਰ ਇਸ ਨੂੰ ਸੁੱਟਣ ਹੀ ਲੱਗਾ ਸੀ ਕਿ ਉਸ ਨੂੰ ਇਸ ਵਿੱਚ ਇੱਕ ਤਸਵੀਰ ਵਿਖਾਈ ਦਿੱਤੀ। ਬਾਂਦਰ ਇਸ ਨੂੰ ਸੁੱਟਦਾ ਸੁੱਟਦਾ ਰੁਕ ਗਿਆ।
ਉਸ ਨੇ ਇਸ ਨੂੰ ਫਿਰ ਧਿਆਨ ਨਾਲ ਵੇਖਿਆ, ਇਸ ਵਿੱਚ ਉਸਨੂੰ ਆਪਣੇ ਵਰਗਾ ਹੀ ਇੱਕ ਹੋਰ ਬਾਂਦਰ ਵਿਖਾਈ ਦਿੱਤਾ। ਅਜਿਹਾ ਉਸਨੇ ਵਾਰ ਵਾਰ ਕੀਤਾ। ਹਰ ਵਾਰ ਉਸਨੂੰ ਇਸ ਵਿੱਚ ਆਪਣੇ ਵਰਗਾ ਬਾਂਦਰ ਵਿਖਾਈ ਦਿੰਦਾ। ਅਜਿਹਾ ਕਰਦਿਆਂ ਉਸਨੂੰ ਇਹ ਗੱਲ ਸਮਝ ਆ ਗਈ ਕਿ ਇਹ ਅਜਿਹੀ ਕੋਈ ਚੀਜ਼ ਹੈ ਜਿਸ ਵਿੱਚ ਇਸਦੇ ਸਾਹਮਣੇ ਵਾਲੀ ਚੀਜ਼ ਵਰਗੀ ਹੀ ਚੀਜ਼ ਵਿਖਾਈ ਦਿੰਦੀ ਹੈ। ਅਜਿਹਾ ਹੋਣ ਕਾਰਨ ਉਸਨੇ ਇਸ ਨੂੰ ਸੁੱਟਣ ਦਾ ਖਿਆਲ ਤਿਆਗ ਕੇ ਉਸੇ ਥੈਲੇ ਵਿੱਚ ਸਾਂਭ ਲਿਆ। ਤੁਰਦਾ ਫਿਰਦਾ ਉਹ ਇਸ ਨੂੰ ਕੱਢ ਕੇ ਇਸ ਵਿੱਚ ਆਪਣੀ ਤਸਵੀਰ ਵੇਖ ਲੈਂਦਾ ਅਤੇ ਖ਼ੁਸ਼ ਹੋ ਲੈਂਦਾ। ਦੂਸਰੇ ਬਾਂਦਰਾਂ ਅਤੇ ਜਾਨਵਰਾਂ ਨੂੰ ਜਦੋਂ ਇਹ ਵਿਖਾਉਂਦਾ ਤਾਂ ਉਹ ਅਕਸਰ ਹੀ ਇਸ ਨੂੰ ਵੇਖ ਕੇ ਡਰ ਜਾਂਦੇ ਅਤੇ ਇਸ ਤੋਂ ਦੂਰ ਭੱਜ ਜਾਂਦੇ ਸਨ।
ਇਸ ਤਰ੍ਹਾਂ ਕਈ ਦਿਨ ਬੀਤ ਗਏ। ਇੱਕ ਦਿਨ ਉਹ ਬਾਂਦਰ ਆਪਣੇ ਖਿਆਲਾਂ ਵਿੱਚ ਗੁਆਚਿਆ ਜੰਗਲ ਵਿੱਚ ਤੁਰਿਆ ਜਾ ਰਿਹਾ ਸੀ। ਉਸੇ ਸਮੇਂ ਅਚਾਨਕ ਉਸਨੂੰ ਇੱਕ ਸ਼ੇਰ ਨੇ ਆ ਘੇਰਿਆ। ਉਹ ਸ਼ੇਰ ਦੇ ਐਨਾ ਨਜ਼ਦੀਕ ਸੀ ਕਿ ਬਾਂਦਰ ਕੋਲ ਭੱਜਣ ਦਾ ਕੋਈ ਮੌਕਾ ਨਹੀਂ ਸੀ। ਬਾਂਦਰ ਨੂੰ ਬਹੁਤ ਘਬਰਾਹਟ ਹੋ ਰਹੀ ਸੀ, ਪਰ ਫਿਰ ਬਾਂਦਰ ਨੇ ਕੁਝ ਸੰਭਲ ਕੇ ਸ਼ੇਰ ਤੋਂ ਬਚਣ ਲਈ ਦਿਮਾਗ਼ ਲੜਾਉਣਾ ਸ਼ੁਰੂ ਕਰ ਦਿੱਤਾ। ਅਜਿਹਾ ਕਰਦਿਆਂ ਉਸਨੂੰ ਉਹ ਥੈਲਾ ਯਾਦ ਆਇਆ, ਜਿਹੜਾ ਉਸਨੇ ਨਾਲ ਚੁੱਕਿਆ ਹੋਇਆ ਸੀ। ਇਹ ਗੱਲ ਯਾਦ ਆਉਂਦਿਆਂ ਹੀ ਬਾਂਦਰ ਨੇ ਸ਼ੇਰ ਨੂੰ ਕਹਿਣਾ ਸ਼ੁਰੂ ਕੀਤਾ, ‘ਆ ਜਾ, ਆ ਜਾ, ਪਹਿਲਾਂ ਤੇਰੇ ਨਾਲ ਨਿਪਟਦਾ ਆਂ।’ ਥੈਲੇ ਵੱਲ ਇਸ਼ਾਰਾ ਕਰਕੇ, ‘ਇਸਦੇ ਨਾਲ ਬਾਅਦ ਵਿੱਚ ਸਹੀ।’
ਬਾਂਦਰ ਦੇ ਮੂੰਹੋਂ ਅਜਿਹਾ ਸੁਣ ਕੇ ਸ਼ੇਰ ਹੈਰਾਨ ਸੀ। ਉਸਨੂੰ ਬਾਂਦਰ ਤੋਂ ਇਸ ਤਰ੍ਹਾਂ ਦੇ ਵਰਤਾਵ ਦੀ ਬਿਲਕੁਲ ਉਮੀਦ ਨਹੀਂ ਸੀ। ਅਜਿਹੇ ਸਮੇਂ ਤਾਂ ਜਾਨਵਰ ਸ਼ੇਰ ਦੀ ਜਾਨ ਬਖ਼ਸ਼ਣ ਲਈ ਮਿਨੰਤਾ ਕਰਦੇ ਹੁੰਦੇ ਸਨ, ਪਰ ਬਾਂਦਰ ਤਾਂ ਬੜੀ ਦਲੇਰੀ ਨਾਲ ਗੱਲਾਂ ਕਰ ਰਿਹਾ ਸੀ, ਜਿਵੇਂ ਉਸਨੂੰ ਕੋਈ ਡਰ ਹੀ ਨਾ ਹੋਵੇ? ਸ਼ੇਰ ਦਾ ਸ਼ਿਕਾਰ ਕਰਨ ਦਾ ਜੋਸ਼ ਤੇ ਚਾਅ ਉੱਡ ਗਿਆ। ‘ਉਹ ਕੌਣ ਸੀ ਜਿਸ ਨਾਲ ਬਾਂਦਰ ਬਾਅਦ ਵਿੱਚ ਨਜਿੱਠਣ ਲਈ ਕਹਿ ਰਿਹਾ ਸੀ ? ਬਾਂਦਰ ਵਿੱਚ ਐਨੀ ਦਲੇਰੀ ਕਿਵੇਂ ਆ ਗਈ?’ ਸ਼ੇਰ ਮਨ ਹੀ ਮਨ ਸੋਚਣ ਲੱਗਾ। ਸ਼ੇਰ ਅੰਦਰ ਇਹ ਜਾਣਨ ਦੀ ਇੱਛਾ ਤੀਬਰ ਸੀ ਕਿ ਬਾਂਦਰ ਕਿਹੜੀ ਚੀਜ਼ ਨਾਲ ਲਈ ਫਿਰਦਾ ਹੈ! ਸ਼ੇਰ ਨੇ ਕੁਝ ਨਰਮ ਹੁੰਦਿਆਂ ਬਾਂਦਰ ਨੂੰ ਪੁੱਛਿਆ, ‘ਕੀ ਹੈ ਤੇਰੇ ਕੋਲ?’ ‘ਇੱਕ ਹੋਰ ਸ਼ੇਰ।’ ਬਾਂਦਰ ਨੇ ਪੂਰੇ ਹੌਸਲੇ ਨਾਲ ਜਵਾਬ ਦਿੱਤਾ। ‘ਆ ਸ਼ੇਰ ਐ!’ ਸ਼ੇਰ ਨੇ ਵਿਅੰਗ ਕਸਦਿਆਂ ਕਿਹਾ, ਪਰ ਨਾਲ ਦੀ ਨਾਲ ਸ਼ੇਰ ਸੋਚਣ ਲੱਗਿਆ ‘ਕੀ ਬਾਂਦਰ ਸ਼ੇਰ ਨੂੰ ਸੱਚ ਵਿੱਚ ਤਾਂ ਫੜੀ ਨਹੀਂ ਫਿਰਦਾ, ਬਾਂਦਰ ਜਿਹੜਾ ਐਨਾ ਦਲੇਰ ਹੋਇਆ ਫਿਰਦਾ ਐ।’ ‘ਲਿਆ ਵਿਖਾ’, ਸ਼ੇਰ ਨੇ ਬਾਂਦਰ ਦੇ ਹੋਰ ਨੇੜੇ ਜਾਂਦਿਆ ਕਿਹਾ। ਬਾਂਦਰ ਨੇ ਉਸੇ ਸਮੇਂ ਥੈਲੇ ਵਿੱਚੋਂ ਸ਼ੀਸ਼ਾ ਕੱਢਿਆ ਅਤੇ ਸ਼ੇਰ ਦੇ ਸਾਹਮਣੇ ਕਰ ਦਿੱਤਾ। ਸੱਚਮੁੱਚ ਹੀ ਸ਼ੇਰ ਦੇ ਸਾਹਮਣੇ ਇੱਕ ਹੋਰ ਸ਼ੇਰ ਸੀ। ਸ਼ੇਰ ਅੰਦਰ ਹੀ ਅੰਦਰ ਡਰ ਗਿਆ ਕਿ ਕਿਤੇ ਬਾਂਦਰ ਉਸ ਨੂੰ ਵੀ ਕੈਦ ਨਾ ਕਰ ਲਵੇ। ਸ਼ੇਰ ਨੇ ਇਹ ਕਹਿੰਦਿਆਂ ‘ਮੈਂ ਤਾਂ ਤੇਰੇ ਨਾਲ ਮਜ਼ਾਕ ਕਰ ਰਿਹਾ ਸੀ ਛੋਟੇ ਭਾਈ ਆਪਾਂ ਕੀ ਵੰਡਣਾ ਐ।’ ਉੱਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ। ਬਾਂਦਰ ਸ਼ੇਰ ਨੂੰ ਉੱਥੋਂ ਭਜਾਉਣ ਅਤੇ ਆਪਣੇ ਆਪ ਨੂੰ ਸ਼ੇਰ ਤੋਂ ਬਚਾਉਣ ਲਈ ਖ਼ੁਸ਼ ਸੀ।
ਸ਼ੇਰ ਉਸ ਨਾਲ ਅਜਿਹਾ ਕੁਝ ਵਾਪਰਨ ਕਾਰਨ ਪ੍ਰੇਸ਼ਾਨ ਅਤੇ ਦੁਖੀ ਸੀ। ਉਸੇ ਰਾਤ ਉਹ ਬਾਂਦਰ ਜਿਸ ਵੱਡੇ ਰੁੱਖ ’ਤੇ ਰਾਤ ਨੂੰ ਆਰਾਮ ਕਰਨ ਲਈ ਚੜ੍ਹਿਆ ਹੋਇਆ ਸੀ, ਉਸ ਦੇ ਹੇਠਾਂ ਜੰਗਲ ਦੇ ਸਾਰੇ ਸ਼ੇਰਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਕੱਠੇ ਹੋਏ ਸ਼ੇਰਾਂ ਨੇ ਜੰਗਲ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ।
ਬਾਂਦਰ ਉੱਪਰ ਬੈਠਾ ਉਨ੍ਹਾਂ ਨੂੰ ਵੇਖ ਤੇ ਸੁਣ ਰਿਹਾ ਸੀ। ਇਸ ਸਮੇਂ ਬਾਂਦਰ ਨੂੰ ਦਿਨੇਂ ਮਿਲਣ ਵਾਲੇ ਸ਼ੇਰ ਨੇ ਵੀ ਆਪਣੀ ਹੱਡਬੀਤੀ ਦੂਸਰੇ ਸ਼ੇਰਾਂ ਨੂੰ ਸੁਣਾਈ। ਉਸ ਸ਼ੇਰ ਨੇ ਦੱਸਿਆ ਕਿ ਉਸਨੂੰ ਅੱਜ ਇੱਕ ਬਾਂਦਰ ਮਿਲਿਆ ਸੀ ਜਿਸ ਨੇ ਇੱਕ ਸ਼ੇਰ ਨੂੰ ਫੜਿਆ ਹੋਇਆ ਸੀ। ਸਾਰੇ ਸ਼ੇਰ ਉਸਦੀ ਇਸ ਗੱਲ ਨਾਲ ਅਸਹਿਮਤ ਸਨ ਕਿ ਇਹ ਕਿਵੇਂ ਹੋ ਸਕਦਾ ਹੈ, ਇੱਕ ਬਾਂਦਰ ਸ਼ੇਰ ਨੂੰ ਫੜ ਲਵੇ? ਉਸ ਸ਼ੇਰ ਨੇ ਫਿਰ ਸਪੱਸ਼ਟੀਕਰਨ ਦਿੰਦਿਆਂ ਕਿਹਾ, ‘ਮੈਂ ਖ਼ੁਦ ਬਾਂਦਰ ਕੋਲ ਦੇਖਿਆ ਐ।’
ਉਨ੍ਹਾਂ ਵਿੱਚੋਂ ਇੱਕ ਸ਼ੇਰ ਨੇ ਕਿਹਾ, ‘ਚਲਾਕ ਬਾਂਦਰ ਹੋਉ ਉਹ ਆਪਣੇ ਜੰਗਲ ਵਾਲਾ ਜਿਹੜਾ ਇਸ ਨੂੰ ਬੁੱਧੂ ਬਣਾ ਗਿਆ। ਕੋਈ ਨੀਂ ਮਿਲਣ ਦੇ ਮੈਨੂੰ ਉਹ ਕਦੇ, ਬਦਲਾ ਲਵਾਂਗਾ।’ ਅਜਿਹਾ ਸੁਣ ਕੇ ਪਹਿਲਾਂ ਤੋਂ ਹੀ ਡਰਿਆ ਬੈਠਾ ਬਾਂਦਰ ਹੋਰ ਕੰਬਣ ਲੱਗਿਆ। ਅਜਿਹਾ ਹੋਣ ਕਾਰਨ ਉਹ ਟਾਹਣਾ ਜਿਸ ’ਤੇ ਉਹ ਬਾਂਦਰ ਬੈਠਾ ਹੋਇਆ ਸੀ, ਹਿੱਲਣ ਲੱਗਿਆ। ਅਜਿਹਾ ਹੋਣ ਕਾਰਨ ਬਾਂਦਰ ਕੋਲ ਸੁੱਤਾ ਪਿਆ ਇੱਕ ਹੋਰ ਬਾਂਦਰ ਹੇਠਾਂ ਡਿੱਗ ਪਿਆ।
ਉਸਦੇ ਟਾਹਣੀਆਂ ਵਿੱਚ ਦੀ ਹੇਠਾਂ ਆਉਂਦਿਆ ਕਾਫ਼ੀ ਖੜਕਾ ਹੋਇਆ ਤੇ ਕੁਦਰਤੀ ਉਹ ਬਦਲਾ ਲੈਣ ਦੀਆਂ ਗੱਲਾਂ ਕਰਨ ਵਾਲੇ ਸ਼ੇਰ ਉੱਪਰ ਆ ਡਿੱਗਿਆ। ਇਸ ਕਰਕੇ ਸਾਰੇ ਸ਼ੇਰਾਂ ਵਿੱਚ ਹਫੜਾ ਦਫੜੀ ਮਚ ਗਈ। ਡਰਦੇ ਮਾਰਿਆਂ ਸ਼ੇਰਾਂ ਦਾ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ, ਭੱਜ ਤੁਰੇ। ਉੱਪਰ ਬੈਠੇ ਬਾਂਦਰ ਨੇ ਸ਼ੇਰਾਂ ਨਾਲ ਅਜਿਹਾ ਕੁਝ ਵਾਪਰਨ ਕਰਕੇ ਨਾ ਕੇਵਲ ਸੁੱਖ ਦਾ ਸਾਹ ਲਿਆ, ਸਗੋਂ ਉਹ ਹੱਸ ਹੱਸ ਲੋਟ ਪੋਟ ਹੋ ਰਿਹਾ ਸੀ।

 

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ  

 

Have something to say? Post your comment

Subscribe