ਸਿਰਸਾ : ਸਿਰਸਾ ਦੇ ਏਅਰ ਫ਼ੋਰਸ ਸਟੇਸ਼ਨ ਵਿਚ ਤਾਇਨਾਤ ਇਕ ਫ਼ੌਜੀ ਜਵਾਨ ਨੇ ਖ਼ੁਦਕੁਸ਼ੀ ਕਰ ਲਈ। ਫ਼ੌਜੀ ਜਵਾਨ ਨੇ ਅਪਣੇ ਆਪ ਨੂੰ ਅਪਣੇ ਹੀ ਰਾਈਫ਼ਲ ਨਾਲ ਗੋਲੀ ਮਾਰੀ। ਉਸਨੇ ਅਪਣੀ ਡਿਊਟੀ ਸਮਾਪਤ ਕੀਤੀ ਅਤੇ ਫਿਰ ਆਪ ਨੂੰ ਗੋਲੀ ਮਾਰ ਲਈ । ਕਾਰਪੋਰਲ ਮੋਹਨ ਸਿੰਘ ਕੋਲੋ ਪੁਲਿਸ ਨੂੰ ਸੁਸਾਇਡ (ਆਤਮ ਹਤਿਆ) ਨੋਟ ਵੀ ਮਿਲਿਆ ਹੈ ਜਿਸ ਵਿਚ ਉਸਨੇ ਅਪਣੇ ਮਾਤਾ-ਪਿਤਾ ਲਈ ਭਾਵੁਕ ਸੁਨੇਹਾ ਲਿਖਿਆ ਹੈ।
ਮੋਹਨ ਨੇ ਲਿਖਿਆ ਹੈ 'ਸੌਰੀ ਮੰਮੀ ਪਾਪਾ ਮੈਨੂੰ ਮਾਫ਼ ਕਰਨਾ ਮੈਂ ਅੱਛਾ ਪੁੱਤਰ ਨਹੀਂ ਬਣ ਸਕਿਆ।' ਇਸ ਘਟਨਾ ਕਾਰਨ ਏਅਰ ਫ਼ੋਰਸ ਸਟੇਸ਼ਨ ਵਿਚ ਸਨਸਨੀ ਫ਼ੈਲ ਗਈ । ਹਵਾਈ ਫ਼ੌਜ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਜਵਾਨ ਕਰਨਾਟਕ ਦਾ ਰਹਿਣ ਵਾਲਾ ਦਸਿਆ ਗਿਆ ਅਤੇ ਜਵਾਨ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮਿਲੀ ਜਾਣਕਾਰੀ ਅਨੁੰਸਾਰ ਮੋਹਨ ਸਿੰਘ ਨੇ ਇਥੇ ਦਿਨੇ ਅਪਣੀ ਡਿਊਟੀ ਖ਼ਤਮ ਕੀਤੀ ਅਤੇ ਬਾਅਦ ਵਿਚ ਉਸਨੇ ਏਅਰ ਫ਼ੋਰਸ ਸਟੇਸ਼ਨ ਦੀ ਐਮ.ਟੀ ਬ੍ਰਾਂਚ ਦੇ ਨੇੜੇ ਜਾ ਕੇ ਰਾਈਫ਼ਲ ਨਾਲ ਅਪਣੇ ਸਿਰ ਵਿਚ ਗੋਲੀ ਮਾਰ ਲਈ।
ਗੋਲੀ ਦੀ ਆਵਾਜ਼ ਸੁਣ ਕੇ ਹਵਾਈ ਫ਼ੌਜ ਕਰਮਚਾਰੀ ਅਤੇ ਅਧਿਕਾਰੀ ਉਥੇ ਪੁੱਜੇ ਤੇ ਮੋਹਨ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਸ ਵਕਤ ਤਕ ਉਸਦੀ ਮੌਤ ਹੋ ਚੁੱਕੀ ਸੀ। ਇਸਦੀ ਸੂਚਨਾ ਪੁਲਿਸ ਨੂੰ ਦਿਤੀ ਗਈ ।ਮੋਹਨ ਸਿੰਘ ਦੀ ਜੇਬ ਵਿਚੋਂ ਮਿਲਿਆ ਸੁਸਾਇਡ ਨੋਟ ਕੰਨੜ ਭਾਸ਼ਾ ਵਿਚ ਹੈ। ਜਿਸ ਵਿਚ ਮੋਹਨ ਨੇ ਅਪਣੇ ਮਾਤਾ ਪਿਤਾ ਦੇ ਨਾਮ ਭਾਵੁਕ ਸੁਨੇਹਾ ਲਿਖਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੋਹਨ ਏਅਰ ਫ਼ੋਰਸ ਸਟੇਸ਼ਨ ਦੇ ਬਾਹਰ ਅਪਣੇ ਪਰਵਾਰ ਨਾਲ ਸਿਰਸਾ ਦੀ ਵਿਸ਼ਨੂਪੁਰੀ ਕਲੋਨੀ ਵਿਚ ਰਹਿ ਰਿਹਾ ਸੀ । ਮੋਹਨ ਸਿੰਘ ਦੀ ਪਤਨੀ ਅਰਪਿਤਾ ਨੇ ਦਸਿਆ ਕਿ ਉਸਦੇ ਪਤੀ ਨੇ ਉਸਨੂੰ ਕਦੇ ਕਿਸੇ ਤਰ੍ਹਾਂ ਦੇ ਤਣਾਉ ਬਾਰੇ ਕਦੇ ਨਹੀਂ ਦਸਿਆ । ਉਨ੍ਹਾਂ ਦੇ ਘਰ ਵੀ ਅਜਿਹੀ ਕੋਈ ਗੱਲ ਨਹੀਂ ਹੋਈ ਜਿਸਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣ ਦਾ ਸ਼ੱਕ ਹੁੰਦਾ ਹੋਵੇ।
ਮੋਹਨ ਦੇ ਪਿਤਾ ਸੀ.ਆਰ.ਪੀ.ਐਫ਼ ਵਿਚ ਤਾਇਨਾਤ ਹਨ ।ਪੁਲਿਸ ਨੇ ਸੀ.ਸੀ.ਟੀ.ਵੀ ਕੈਮਰੇ ਦੀ ਫ਼ੁਟੇਜ ਵੀ ਵੇਖੀ ਹੈ ਜਿਸ ਵਿਚ ਜਵਾਨ ਉਥੇ ਜਾਂਦਾ ਵਿਖਾਈ ਦੇ ਰਿਹਾ ਹੈ ਜਿਥੇ ਉਸਨੇ ਆਤਮ ਹਤਿਆ ਕੀਤੀ ਹੈ। ਇਸ ਜਵਾਨ ਦੀ ਆਤਮ ਹਤਿਆ ਦੇ ਕਾਰਨਾਂ ਦੀ ਜਾਂਚ ਵਿਚ ਪੁਲਿਸ ਕੰਮ ਕਰ ਰਹੀ ਹੈ ।