ਮੈਲਬੌਰਨ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ ਨੇ ਪੂਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਪਰ ਆਸਟ੍ਰੇਲੀਆਂ ਦੀ ਗੱਲ ਕਰੀਏ ਤਾਂ ਇਥੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕੇਸਾਂ ਵਿਚ ਹੌਲੀ ਹੌਲੀ ਵਾਧਾ ਦਰਜ ਕੀਤਾ ਗਿਆ ਸੀ ਪਰ ਹੁਣ ਸਥਿਤੀ ਕੁੱਝ ਬਦਲ ਰਹੀ ਲਗਦੀ ਹੈ। ਇਥੇ ਦਸ ਦਈਏ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਤਾਲਾਬੰਦੀ ਲਗਾਈ ਗਈ ਹੈ ਜੋ 26 ਜੂਨ ਤੋਂ 30 ਜੁਲਾਈ ਤੱਕ ਲਈ ਨਿਰਧਾਰਤ ਕੀਤੀ ਗਈ ਹੈ। ਜਿਸ ਦੇ ਤਹਿਤ ਸਿਡਨੀ ਸ਼ਹਿਰ ਦੀਆਂ ਉਸਾਰੀ ਅਧੀਨ ਇਮਾਰਤਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਦਰਅਸਲ ਆਸਟ੍ਰੇਲੀਆ ਵਿਚ ਵੀ Corona ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਦੇਖੀ ਗਈ ਸੀ। ਭਾਵੇਂਕਿ ਤਾਜ਼ਾ ਰਿਪੋਰਟਾਂ ਮੁਤਾਬਕ ਦੇਸ਼ ਦੇ ਦੋ ਸਭ ਤੋਂ ਵੱਡੇ ਰਾਜਾਂ ਵਿਚ ਇਨਫੈਕਸ਼ਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਇਕ ਦਿਨ ਪਹਿਲਾਂ ਦੇ ਮੁਕਾਬਲੇ ਘੱਟ ਮਾਮਲੇ ਸਾਹਮਣੇ ਆਏ ਹਨ। ਨਿਊ ਸਾਊਥ ਵੇਲਜ਼ ਵਿਚ 105 ਨਵੇਂ ਮਾਮਲੇ ਅਤੇ ਇਕ ਮੌਤ ਦਰਜ ਕੀਤੀ ਗਈ ਜਦਕਿ ਵਿਕਟੋਰੀਆ ਵਿਚ 16 ਨਵੇਂ ਮਾਮਲੇ ਦਰਜ ਕੀਤੇ ਗਏ। ਇੱਥੇ ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਵਿਚ ਕੋਰੋਨਾ ਇਨਫੈਕਸ਼ਨ ਦੇ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਦੇਖਦੇ ਹੋਏ ਇੱਥੇ ਸਨਿਚਰਵਾਰ ਤੋਂ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਸਨ। ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 31, 899 ਮਾਮਲੇ ਸਾਹਮਣੇ ਆਏ ਹਨ ਜਦਕਿ 914 ਲੋਕਾਂ ਦੀ ਮੌਤ ਹੋ ਚੁੱਕੀ ਹੈ।