ਮਨੀਲਾ : ਫ਼ਿਲੀਪੀਨਜ਼ ਵਿਚ ਐਤਵਾਰ ਨੂੰ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕ ਦਾ ਨਾਂ ਤਰਨਜੀਤ ਸਿੰਘ ਹੈ, ਜਿਸ ਨੂੰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਦਰਅਸਲ 35 ਸਾਲਾ ਤਰਨਜੀਤ ਸਿੰਘ ਦਾ ਮਨੀਲਾ ’ਚ ਉਸ ਦੇ ਰੈਸਟੋਰੈਂਟ ’ਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਇਹ ਜਾਣਕਾਰੀ ਉਸ ਦੇ ਪਰਵਾਰਕ ਮੈਂਬਰਾਂ ਨੇ ਦਿਤੀ। ਦੱਸ ਦੇਈਏ ਕਿ ਤਰਨਜੀਤ, ਮਨੀਲਾ ਵਿਖੇ ਪਿਛਲੇ 3 ਸਾਲਾਂ ਤੋਂ ‘ਇੰਡੀਅਨ ਰੈਸਟੋਰੈਂਟ’ ਚਲਾਉਂਦਾ ਸੀ। ਮ੍ਰਿਤਕ ਤਰਨਜੀਤ ਦੇ ਪਿਤਾ ਸ. ਦਿਆਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਉਂ ਮਾਰਿਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਮ੍ਰਿਤਕ ਸਿੱਖ ਨੌਜਵਾਨ ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ਦੇ ਮਾਨਗੋ ਬਸਤੀ ਦਾ ਰਹਿਣ ਵਾਲਾ ਸੀ।
ਉੱਧਰ ਤਰਨਜੀਤ ਦੇ ਚਾਚਾ ਗੁਰਦੀਪ ਸਿੰਘ ਨੇ ਕਿਹਾ ਕਿ ਹਮਲਾਵਰ ਬੰਦੂਕ ਲੈ ਕੇ ਰੈਸਟੋਰੈਂਟ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਕਿਹਾ ਕਿ ਹਾਲਾਂਕਿ ਤਰਨਜੀਤ ਖ਼ੁਦ ਨੂੰ ਬਚਾਉਣ ਲਈ ਉਥੋਂ ਦੌੜਿਆ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਪਿੱਛੋਂ ਹੀ ਉਸ ’ਤੇ ਗੋਲੀਆਂ ਚਲਾਈਆਂ। ਗੁਰਦੀਪ ਨੇ ਕਿਹਾ ਕਿ ਅਸੀਂ ਤਰਨਜੀਤ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਲਈ ਸੂਬਾਈ ਸਰਕਾਰ ਵਲੋਂ ਕੇਂਦਰੀ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਤਰਨਜੀਤ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ’ਚ ਮਦਦ ਕੀਤੀ ਜਾਵੇ। ਦਰਅਸਲ ਫ਼ਿਲੀਪੀਨਜ਼ ਅਤੇ ਭਾਰਤ ਵਿਚਾਲੇ ਸਿੱਧੀ ਹਵਾਈ ਸੇਵਾ ਨਾ ਹੋਣ ਕਰ ਕੇ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਪ੍ਰੇਸ਼ਾਨੀ ਆ ਰਹੀ ਹੈ।