ਸਿੰਗਾਪੁਰ : ਸਿੰਗਾਪੁਰ ਵਿਚ 26 ਸਾਲਾ ਭਾਰਤੀ ਨੂੰ ਕੋਵਿਡ-19 ਨਾਲ ਸਬੰਧਤ ਨਿਯਮ ਤੋੜਨ ਦੇ ਜ਼ੁਰਮ ਵਿਚ 9 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਸਿਖਰ ’ਤੇ ਹੋਣ ਦੌਰਾਨ ਜਦੋਂ ਹਸਪਤਾਲ ਵਿਚ ਰਹਿ ਕੇ ਆਪਣੀ ਜਾਂਚ ਰਿਪੋਰਟ ਆਉਣ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਤਾਂ ਉਦੋਂ ਉਸ ਨੇ ਦੇਸ਼ ਛੱਡਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਕੋਵਿਡ-19 ਜਾਂਚ ਰਿਪੋਰਟ ਵਿਚ ਬਾਲਾਚੰਦਰਨ ਪਾਰਥੀਬਨ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਜਿਸ ਮਗਰੋਂ ਉਸ ਨੂੰ ਪੁਲਸ ਨੇ ਚਾਂਗੀ ਹਵਾਈ ਅੱਡੇ ਤੋਂ ਹਿਰਾਸਤ ਵਿਚ ਲਿਆ ਅਤੇ ਵਾਪਸ ਸਿੰਗਾਪੁਰ ਜਨਰਲ ਹਸਪਤਾਲ (ਐੱਸ.ਜੀ.ਐੱਚ.) ਲੈ ਕੇ ਗਈ। ਮੁਲਜ਼ਮ ਜਨਤਕ ਟਰਾਂਸਪੋਰਟ ਤੋਂ ਹਵਾਈ ਅੱਡੇ ਗਿਆ ਸੀ। ਉਸ ਨੇ ਭਾਰਤ ਲਈ ਟਿਕਟ ਖ਼ਰੀਦਣ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਉਹ ਹਵਾਈ ਅੱਡੇ ਦੇ ਟਰਮੀਨਲ ’ਤੇ ਇਕ ਘੰਟੇ ਤਕ ਇੱਧਰ-ਉੱਧਰ ਘੁੰਮਦਾ ਰਿਹਾ। ਬਾਅਦ ਵਿਚ ਵਿਦੇਸ਼ੀ ਕਾਮਿਆਂ ਦੇ ਏਕਾਂਤਵਾਸ ਨਿਯਮ ਨੂੰ ਤੋੜਦੇ ਹੋਏ ਮੁੜ ਹਵਾਈ ਅੱਡੇ ਪਹੁੰਚਿਆ ਤੇ ਸਵਦੇਸ਼ ਵਾਪਸ ਜਾਣ ਦੀ ਮੁੜ ਕੋਸ਼ਿਸ਼ ਕੀਤੀ। ਉਸ ਨੇ ਮਈ ਵਿਚ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਵਿਭਿੰਨ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਜਿਸ ਵਿਚ ਦੂਜਿਆਂ ਲਈ ਕੋਵਿਡ-19 ਦਾ ਖਤਰਾ ਪੈਦਾ ਕਰਨਾ, ਬਿਨਾਂ ਇਜਾਜ਼ਤ ਕੁਆਰੰਟੀਨ ਖੇਤਰ ਨੂੰ ਛੱਡਣਾ ਸ਼ਾਮਲ ਸੀ।
ਉਸ ਦੇ ਮੁਫ਼ਤ ਵਕੀਲ ਕੌਰੀ ਵੋਂਗ ਉਸ ਦੀ ਮਾਨਸਿਕ ਸਥਿਤੀ ਦਾ ਮੁਲਾਂਕਣ ਕਰਾਉਣ ਲਈ ਅਦਾਲਤ ਤੋਂ ਉਸ ਨੂੰ ਮਾਨਸਿਕ ਸਿਹਤ ਸੰਸਥਾ (ਆਈ.ਐੱਮ.ਐੱਚ.) ਭੇਜਣ ਦੀ ਅਪੀਲ ਕੀਤੀ। ਆਈ.ਐੱਮ.ਐੱਚ. ਵਿਚ ਚਾਰ ਹਫ਼ਤੇ ਰਹਿਣ ਦੇ ਬਾਅਦ ਪਿਛਲੇ ਸਾਲ ਮਈ ਵਿਚ ਜ਼ੁਰਮ ਸਮੇਂ ਬਾਲਚੰਦਰਨ ਤਾਲਮੇਲ ਬੀਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ ਭਾਵਨਾਵਾਂ ਅਤੇ ਵਿਵਹਾਰ ਕਰਨ ਵਿਚ ਫਰਕ ਕਰਨ ਵਿਚ ਪਰੇਸ਼ਾਨੀ ਸੀ। ਫਿਲਹਾਲ ਡਾਕਟਰ ਸਟੇਫਨ ਫਾਂਗ ਨੇ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਅਸਥਿਰ ਨਹੀਂ ਹੈ ਅਤੇ ਉਸ ਵਿਚ ਸਹੀ ਅਤੇ ਗਲਤ ਵਿਚ ਫਰਕ ਕਰਨ ਦੀ ਸਮਰੱਥਾ ਮੌਜੂਦ ਸੀ। ਡਿਪਟੀ ਸਰਕਾਰੀ ਵਕੀਲ ਨੌਰਮਨ ਯੂ ਨੇ ਬਾਲਚੰਦਰਨ ਲਈ 10 ਮਹੀਨੇ ਦੀ ਜੇਲ੍ਹ ਦੀ ਸਜ਼ਾ ਮੰਗੀ ਜਦਕਿ ਵਾਂਗ ਨੇ ਸਾਢੇ 6 ਮਹੀਨੇ ਦੀ ਸਜ਼ਾ ਦੀ ਅਪੀਲ ਕੀਤੀ। ਸਜ਼ਾ ਸੁਣਾਉਣ ਦੌਰਾਨ ਜ਼ਿਲ੍ਹਾ ਜੱਜ ਰੋਨਾਲਡ ਗਵੀ ਨੇ ਦੂਜਿਆਂ ਨੂੰ ਇਨਫੈਕਸ਼ਨ ਪ੍ਰਤੀ ਜ਼ੋਖਮ ਵਿਚ ਪਾਉਣ ਅਤੇ ਇਕ ਸਿਹਤ ਅਧਿਕਾਰੀ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਦੋ ਹੋਰ ਦੋਸ਼ਾਂ ’ਤੇ ਵਿਚਾਰ ਕੀਤਾ।