ਇਸਤਾਂਬੁਲ : ਪੂਰਬੀ ਤੁਰਕੀ ’ਚ ਪਰਵਾਸੀਆਂ ਨੂੰ ਲਿਜਾ ਰਹੀ ਇੱਕ ਮਿਨੀ ਬੱਸ ਪਲਟਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਤੇ 26 ਹੋਰ ਜ਼ਖ਼ਮੀ ਹੋਏ ਹਨ। ਦੱਸਣਯੋਗ ਹਾਂ ਕੀ ਇਹ ਹਾਦਸਾ ਇਰਾਨ ਦੀ ਸਰਹੱਦ ਨਾਲ ਲਗਦੇ ਵਾਨ ਸੂਬੇ ਦੇ ਯੁਮਾਕਲੀ ਨੇੜੇ ਦੇਰ ਰਾਤ ਵਾਪਰਿਆ ਜਦੋਂ ਇਹ ਬੱਸ ਖੱਡ ’ਚ ਜਾ ਡਿੱਗੀ। ਟੈਲੀਵਿਜ਼ਨ ਪ੍ਰਸਾਰਨਾਂ ’ਚ ਸੜਕ ’ਤੇ ਹੰਗਾਮੀ ਸਹਾਇਤਾ ਕਰਮੀਆਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਕਰਦੇ ਤੇ ਜ਼ਖ਼ਮੀਆਂ ਨੂੰ ਬਾਹਰ ਕੱਢਦੇ ਦਿਖਾਇਆ ਗਿਆ। ਦੱਸਣਯੋਗ ਹਾਂ ਕੀ ਜ਼ਿਆਦਾਤਰ ਇਰਾਨ, ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਪਰਵਾਸੀ ਪੱਛਮੀ ਸ਼ਹਿਰਾਂ ਇਸਤਾਂਬੁਲ ਤੇ ਅੰਕਰਾ ਜਾਣ ਤੋਂ ਪਹਿਲਾਂ ਅਕਸਰ ਇਰਾਨ ਦੀ ਸਰਹੱਦ ਪਾਰ ਕਰ ਕੇ ਤੁਰਕੀ ’ਚ ਦਾਖਲ ਹੁੰਦੇ ਹਨ। ਅੰਕਰਾ ਸਥਿਤ ਸੈਂਟਰ ਫਾਰ ਅਸਾਇਲਮ ਐਂਡ ਮਾਈਗਰੇਸ਼ਨ ਸਟੱਡੀਜ਼ ਦੇ ਪ੍ਰਧਾਨ ਮੇਤਿਨ ਕੋਰਾਬਤੀਰ ਨੇ ਕਿਹਾ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੀ ਯੋਜਨਾ ਨਾਲ ਪਰਵਾਸੀਆਂ ਦੀ ਗਿਣਤੀ ਵਧੀ ਹੈ।