ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਗੱਲਬਾਤ ’ਚ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਇੱਥੋਂ ਹੋਣ ਵਾਲੇ ਰੈਂਸਮਵੇਅਰ ਹਮਲਿਆਂ ’ਤੇ ਰੋਕ ਲਗਾਉਣ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੀ ਵੱਖ-ਵੱਖ ਮੁੱਦਿਆਂ ’ਤੇ ਇਕ ਘੰਟੇ ਟੈਲੀਫੋਨ ’ਤੇ ਗੱਲਬਾਤ ਹੋਈ। ਗੱਲਬਾਤ ਦੇ ਬਾਅਦ ਜੋਅ ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਰੂਸ ਨੂੰ ਸਪੱਸ਼ਟ ਰੂਪ ਨਾਲ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਧਰਤੀ ਤੋਂ ਲਗਾਤਾਰ ਅਮਰੀਕਾ ਤੇ ਹੋਰ ਦੇਸ਼ਾਂ ’ਤੇ ਰੈਂਸਮਵੇਅਰ ਹਮਲੇ ਕੀਤੇ ਜਾ ਰਹੇ ਹਨ। ਬੇਸ਼ੱਕ ਇਹ ਹਮਲੇ ਸਟੇਟ ਸਪਾਂਸਰਡ ਨਾ ਹੋਵੇ, ਪਰ ਇਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਅਸੀਂ ਉਨ੍ਹਾਂ ਨੂੰ ਹਮਲਾ ਕਰਨ ਵਾਲਿਆਂ ਦੇ ਬਾਰੇ ਸਪੱਸ਼ਟ ਜਾਣਕਾਰੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਗੱਲਬਾਤ ’ਚ ਇਹ ਵੀ ਤੈਅ ਕੀਤਾ ਗਿਆ ਹੈ ਕਿ ਗੱਲਬਾਤ ਦੀ ਅਜਿਹੀ ਸਥਿਤੀ ਬਣਾਓ, ਜਿਸ ਨਾਲ ਵੱਖ-ਵੱਖ ਮੁੱਦਿਆਂ ’ਤੇ ਇਕ ਦੂਜੇ ਨਾਲ ਸੰਪਰਕ ਕਰ ਕੇ ਸਥਿਤੀਆਂ ਨੂੰ ਸਮਝਣਾ ਸੌਖਾ ਹੋਵੇ। ਆਈਏਐੱਨਐੱਸ ਦੇ ਮੁਤਾਬਕ, ਪਿਛਲੇ ਹਫ਼ਤੇ ਰੂਸੀ ਸਾਈਬਰ ਅਪਰਾਧੀਆਂ ਨੇ ਅਮਰੀਕਾ ਦੀ ਕਾਸੀਆ ਕੰਪਨੀ ’ਚ ਰੈਂਸਮਵੇਅਰ ਹਮਲੇ ਕੀਤੇ ਸਨ। ਇਸ ਨਾਲ ਕਰੀਬ 1500 ਕੰਪਨੀਆਂ ਦੇ ਨੈੱਟਵਰਕ ਪ੍ਰਭਾਵਿਤ ਹੋ ਗਏ ਸਨ। ਮਾਹਿਰਾਂ ਦੇ ਮੁਤਾਬਕ ਹਮਲੇ ਦੇ ਪਿੱਛੇ ਰੂਸ ਦੇ ਅਪਰਾਧੀਆਂ ਦਾ ਸਮੂਹ ‘ਰੇਵਿਲ’ ਹੈ।