ਮੁੰਬਈ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਅਫਗਾਨਿਸਤਾਨ ਤੋਂ 879 ਕਰੋੜ ਰੁਪਏ ਦੀ ਸਮਗਲਿੰਗ ਕੀਤੀ ਕਰੀਬ 300 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਗੁਆਂਢੀ ਰਾਏਗੜ੍ਹ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (JNPT) ਵਿਖੇ ਇਸ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐਨਾ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਜ਼ਬਤ ਕਰਨਾ ਹਾਲ ਹੀ ਦੇ ਸਮੇਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਡੀ ਆਰ ਆਈ ਅਧਿਕਾਰੀ ਨੇ ਦੱਸਿਆ ਕਿ ਈਰਾਨ ਹੁੰਦੇ ਹੋਏ ਅਫਗਾਨਿਸਤਾਨ ਤੋਂ ਸਮੱਗਲ ਕਰਕੇ ਲਿਆਂਦੀ ਗਈ ਖੇਪ ਨੂੰ ਪਹਿਲਾਂ ਜਿਪਸਮ ਪੱਥਰ ਅਤੇ ਟੈਲਕਮ ਪਾਊਡਰ ਦੱਸਿਆ ਗਿਆ ਸੀ।
https://amzn.to/3qTiqVm
ਦਰਾਮਦ ਕੋਡ ਪ੍ਰਭਜੀਤ ਸਿੰਘ ਦੇ ਨਾਂਅ ਤੇ ਸੀ ਅਤੇ ਇਹ ਖੇਪ ਪੰਜਾਬ ਭੇਜੀ ਜਾਣੀ ਸੀ। ਪ੍ਰਭਜੀਤ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। 22 ਸਾਲਾ ਪ੍ਰਭਜੀਤ ਸਿੰਘ ਤਰਨ ਤਾਰਨ ਤੋਂ 23 ਕਿਲੋਮੀਟਰ ਦੂਰ ਪੈਂਦੇ ਚੋਹਲਾ ਸਾਹਿਬ ਦਾ ਹੈ। ਉਸ ਨੂੰ ਡੀ ਆਰ ਆਈ ਲੁਧਿਆਣਾ ਯੂਨਿਟ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ 135 ਕਿੱਲੋ ਹੈਰੋਇਨ ਦੇ ਸੰਬੰਧ ਵਿਚ ਫੜਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਤੋਂ ਪੁੱਛਗਿੱਛ ਤੋਂ ਬਾਅਦ 125 ਕਿੱਲੋ ਹੈਰੋਇਨ ਹੋਰ ਫੜੀ ਗਈ। ਅਧਿਕਾਰੀਆਂ ਨੂੰ ਹੋਰ ਮਾਲ ਲੱਭਣ ਦੀ ਵੀ ਉਮੀਦ ਹੈ। ਪ੍ਰਭਜੀਤ ਦੇ ਪਰਵਾਰ ਦਾ 7-8 ਏਕੜ ਦਾ ਫਾਰਮ ਹਾਊਸ ਦੱਸਿਆ ਜਾਂਦਾ ਹੈ ਅਤੇ ਇਕ ਕਿਸਾਨ ਖੇਤੀ ਸਟੋਰ ਵੀ ਹੈ। ਉਸ ਨੇ ਚਾਰ ਸਾਲ ਪਹਿਲਾਂ ਜਿਪਸਮ ਮੰਗਾਉਣੀ ਸ਼ੁਰੂ ਕੀਤੀ ਸੀ। ਦੇਖਦਿਆਂ-ਦੇਖਦਿਆਂ ਉਸ ਨੇ ਕਈ ਸ਼ਹਿਰਾਂ ਵਿਚ ਜਾਇਦਾਦ ਬਣਾ ਲਈ। ਉਸ ਕੋਲ ਲਗਜ਼ਰੀ ਗੱਡੀਆਂ ਤੇ ਲਸੰਸੀ ਹਥਿਆਰ ਹਨ। ਉਹ ਹੁਕਮਰਾਨ ਕਾਂਗਰਸ ਪਾਰਟੀ ਦੇ ਇਕ ਆਗੂ ਦਾ ਕਰੀਬੀ ਵੀ ਦੱਸਿਆ ਜਾਂਦਾ ਹੈ। ਉਸ ਦਾ ਪਰਵਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪੈਰੋਕਾਰ ਹੈ। ਪਰਵਾਰ ਆਲੀਸ਼ਾਨ ਘਰ ਵਿਚ ਰਹਿੰਦਾ ਹੈ। ਤਰਨ ਤਾਰਨ ਪੁਲਸ ਉਸ ਦੇ ਇਕ ਕਰੀਬੀ ਦੇ ਰੋਲ ਦੀ ਵੀ ਜਾਂਚ ਕਰ ਰਹੀ ਹੈ, ਜਿਹੜਾ ਅਟਾਰੀ ਵਿਚ ਇੰਟੈਗਰੇਟਿਡ ਚੈੱਕ ਪੋਸਟ (ICP) ਵਿਖੇ ਲੋਡਿੰਗ ਤੇ ਅਨਲੋਡਿੰਗ ਦਾ ਟਰਾਂਸਪੋਰਟ ਬਿਜ਼ਨੈੱਸ ਕਰਦਾ ਹੈ।