ਦਿੱਲੀ : ਕਾਂਗਰਸ ਸੰਸਦੀ ਦਲ ਬੈਠਕ ਵਿਚ ਸ਼ਨਿਚਰਵਾਰ ਸਵੇਰੇ ਸੋਨੀਆ ਗਾਂਧੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਦੂਜੇ ਪਾਸੇ, ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨੂੰ ਇਕ ਦੂਰਦਰਸ਼ੀ ਨੇਤਾ ਦੱਸਿਆ ਹੈ।
ਦੂਜੇ ਪਾਸੇ, ਪਾਰਟੀ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਸੱਭ ਤੋਂ ਪਹਿਲਾਂ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਰਾਹੁਲ ਨੇ ਕਿਹਾ ਕਿ ਕਾਂਗਰਸ ਦੇ ਹਰ ਮੈਂਬਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਬਿਨ੍ਹਾਂ ਰੰਗ ਅਤੇ ਆਸਥਾ ਵੇਖੇ ਸੰਵਿਧਾਨ ਅਤੇ ਹਰ ਭਾਰਤੀ ਲਈ ਲੜ ਰਹੇ ਹੋ।
ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਆਤਮਵਿਸ਼ਲੇਸ਼ਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੋਨੀਆ ਗਾਂਧੀ ਦੇ ਸੰਸਦੀ ਦਲ ਦੇ ਨੇਤਾ ਵਜੋਂ ਚੁਣੇ ਜਾਣ ਉੱਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ- ''ਕਾਂਗਰਸ ਸੰਸਦੀ ਨੇਤਾ ਚੁਣੇ ਜਾਣ ਉੱਤੇ ਸੋਨੀਆ ਗਾਂਧੀ ਨੂੰ ਵਧਾਈ। ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਵਿਰੋਧੀ ਪਾਰਟੀ ਸਾਬਤ ਹੋਵੇਗੀ ਜੋ ਭਾਰਤੀ ਸੰਵਿਧਾਨ ਦੀ ਰੱਖਿਆ ਲਈ ਲੜੇਗੀ।''
ਜ਼ਿਕਰਯੋਗ ਹੈ ਕਿ ਹਾਲ ਵਿੱਚ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 543 ਸੰਸਦੀ ਲੋਕ ਸਭਾ ਦੇ ਅੰਦਰ ਕਾਂਗਰਸ ਪਾਰਟੀ ਸਿਰਫ਼ 52 ਸੀਟਾਂ ਉੱਤੇ ਸਿਮਟ ਕੇ ਰਹਿ ਗਈ ਸੀ ਜਦਕਿ ਮੋਦੀ ਦੀ ਅਗਵਾਈ ਵਿੱਚ ਐਨਡੀਏ ਨੇ 352 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ।