ਲੰਦਨ : ਪਹਿਲੀ ਜੁਲਾਈ ਦਾ ਦਿਨ ਸ਼ਾਹੀ ਪਰਿਵਾਰ ਲਈ ਚੰਗਾ ਸੰਕੇਤ ਲੈ ਕੇ ਆਇਆ। ਰਾਜਕੁਮਾਰ ਵਿਲੀਅਮ ਅਤੇ ਹੈਰੀ ਨੇ ਵੀਰਵਾਰ ਨੂੰ ਆਪਣੇ ਮਤਭੇਦਾਂ ਨੂੰ ਇਕ ਪਾਸੇ ਕਰਕੇ ਆਪਣੀ ਸਵਰਗਵਾਸੀ ਮਾਂ ਰਾਜਕੁਮਾਰੀ ਡਾਇਨਾ ਦੀ ਇੱਕ ਮੂਰਤੀ ਦਾ ਉਦਘਾਟਨ ਕੀਤਾ । ਅੱਜ ਰਾਜਕੁਮਾਰੀ ਡਾਇਨਾ ਦਾ 60 ਵਾਂ ਜਨਮਦਿਨ ਸੀ। ਬੁੱਤ ਦੇ ਉਦਘਾਟਨ ਮੌਕੇ ਦੋਵੇਂ ਭਰਾ ਪੂਰੀ ਤਰ੍ਹਾਂ ਇੱਕਜੁੱਟ ਨਜ਼ਰ ਆ ਰਹੇ ਸਨ। ਇਹ ਬੁੱਤ ਮੱਧ ਲੰਡਨ ਸਥਿਤ ਉਨ੍ਹਾਂ ਦੇ ਪੁਰਾਣੇ ਘਰ ਕੇਨਸਿੰਗਟਨ ਪੈਲੇਸ ਦੇ ‘ਸਨਕੇਨ ਗਾਰਡਨ’ ਵਿਚ ਡਾਇਨਾ ਦੇ ਸਨਮਾਨ ਵਿਚ ਸਥਾਪਤ ਕੀਤਾ ਗਿਆ ਹੈ। ਡਾਇਨਾ 1997 ਵਿੱਚ ਪੈਰਿਸ ਵਿਖੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਮਾਰੀ ਗਈ ਸੀ।
ਦੋਵੇਂ ਭਰਾਵਾਂ ਨੇ ਇਕ ਬਿਆਨ ਵਿਚ ਕਿਹਾ, “ਅੱਜ, ਸਾਡੀ ਮਾਂ ਦਾ 60 ਵਾਂ ਜਨਮਦਿਨ ਹੈ, ਅਸੀਂ ਉਸ ਦੇ ਪਿਆਰ, ਤਾਕਤ ਅਤੇ ਚਰਿੱਤਰ, ਉਨ੍ਹਾਂ ਗੁਣਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਨੂੰ ਦੁਨੀਆ ਭਰ ਵਿਚ ਚੰਗਿਆਈ ਲਈ ਇਕ ਸ਼ਕਤੀ ਬਣਾਇਆ। ਉਨ੍ਹਾਂ ਅਣਗਿਣਤ ਜ਼ਿੰਦਗੀਆਂ ਨੂੰ ਬਹਿਤਰ ਕੀਤਾ ।” ਦੋਹਾਂ ਨੇ ਕਿਹਾ ਕਿ, “ਹਰ ਰੋਜ, ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਹੀ ਰਹਿੰਦੀ, ਅਤੇ ਸਾਡੀ ਉਮੀਦ ਹੈ ਕਿ ਇਹ ਬੁੱਤ ਸਦਾ ਲਈ ਉਸਦੀ ਜ਼ਿੰਦਗੀ ਅਤੇ ਉਸਦੀ ਵਿਰਾਸਤ ਦੇ ਪ੍ਰਤੀਕ ਵਜੋਂ ਵੇਖਿਆ ਜਾਵੇਗਾ।”
ਵਿਲੀਅਮ (39) ਅਤੇ ਹੈਰੀ (36) ਇੱਕ ਛੋਟੇ, ਨਿੱਜੀ ਸਮਾਗਮ ਲਈ ਉਨ੍ਹਾਂ ਦੀ ਮਾਂ ਡਾਇਨਾ ਦੇ ਮਨਪਸੰਦ ਸਥਾਨਾਂ ਵਿੱਚੋਂ ਇੱਕ, ਸਨਕੇਨ ਗਾਰਡਨ ਵਿਖੇ ਚਾਰਲਸ ਸਪੈਂਸਰ ਅਤੇ ਉਸ ਦੀਆਂ ਭੈਣਾਂ ਸਾਰਾਹ ਮੈਕਕੋਰਕੁਡੇਲ ਅਤੇ ਜੇਨ ਫੈਲੋਜ਼ ਨਾਲ ਸ਼ਾਮਲ ਹੋਏ।