ਬੰਗਲਾਦੇਸ਼: ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਐਤਵਾਰ ਨੂੰ ਹੋਏ ਇੱਕ ਧਮਾਕੇ ਵਿੱਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਵੱਧ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਇਸ ਧਮਾਕੇ ਨਾਲ ਵਾਹਨ ਅਤੇ ਆਸ ਪਾਸ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਅਧਿਕਾਰੀ ਅਜੇ ਤੱਕ ਇਸ ਧਮਾਕੇ ਦੇ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ। ਫਾਇਰ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਫੈਸਲੂਰ ਰਹਿਮਾਨ ਨੇ ਦੱਸਿਆ ਕਿ ਇਹ ਧਮਾਕਾ ਸ਼ਾਮ ਨੂੰ ਢਾਕਾ ਦੇ ਮੋਘਬਾਜ਼ਾਰ ਖੇਤਰ ਵਿੱਚ ਇੱਕ ਇਮਾਰਤ ਵਿੱਚ ਹੋਇਆ। ਘਟਨਾ ਤੋਂ ਬਾਅਦ ਬਚਾਅ ਕਰਮੀ ਮੌਕੇ 'ਤੇ ਪਹੁੰਚ ਗਏ। ਰਹਿਮਾਨ ਨੇ ਕਿਹਾ ਕਿ ਧਮਾਕੇ ਵਿੱਚ ਘੱਟੋ ਘੱਟ ਸੱਤ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਢਾਕਾ ਦੇ ਪੁਲਿਸ ਕਮਿਸ਼ਨਰ ਸ਼ਫਿਕੁਲ ਇਸਲਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਢਾਕਾ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਸੱਜਾਦ ਹੁਸੈਨ ਨੇ ਕਿਹਾ ਕਿ ਇਹ ਇੱਕ ਵੱਡਾ ਧਮਾਕਾ ਸੀ। ਫਾਇਰ ਸਰਵਿਸ ਅਤੇ ਢਾਕਾ ਪੁਲਿਸ ਦੀ ਅੱਤਵਾਦ ਰੋਕੂ ਯੂਨਿਟ ਦਾ ਬੰਬ ਨਿਪਟਾਰਾ ਦਸਤਾ ਮੌਕੇ 'ਤੇ ਪਹੁੰਚ ਗਿਆ। ਉਨ੍ਹਾਂ ਦੇ ਮਾਹਰ ਮਿਲ ਕੇ ਕੰਮ ਕਰ ਰਹੇ ਹਨ ਅਤੇ ਧਮਾਕੇ ਦੇ ਕਾਰਨਾਂ ਅਤੇ ਇਸ ਤੋਂ ਹੋਏ ਨੁਕਸਾਨ ਦਾ ਪਤਾ ਲਗਾ ਰਹੇ ਹਨ। "
ਚਸ਼ਮਦੀਦਾਂ ਨੇ ਕਿਹਾ ਕਿ ਸ਼ੀਸ਼ੇ ਦੇ ਟੁਕੜੇ ਅਤੇ ਕੰਕਰੀਟ ਦਾ ਮਲਬਾ ਸੜਕਾਂ 'ਤੇ ਦਿਖਾਈ ਦੇ ਰਿਹਾ ਸੀ। ਜਿਸ ਇਮਾਰਤ 'ਚ ਇਹ ਧਮਾਕਾ ਹੋਇਆ ਉਸਦੇ ਬਾਹਰ ਖੜ੍ਹੀਆਂ ਦੋ ਯਾਤਰੀ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਢਾਕਾ ਸਥਿਤ ਏਕਾਟੋਰ ਟੀਵੀ ਸਟੇਸ਼ਨ ਨੇ ਕਿਹਾ ਕਿ 50 ਦੇ ਕਰੀਬ ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ ਸੀ। ਪਰ ਮੁੱਖ ਇਮਾਰਤ ਜਿੱਥੇ ਧਮਾਕਾ ਹੋਇਆ ਉਹ ਇਕ ਫਾਸਟ ਫੂਡ ਦੀ ਦੁਕਾਨ ਸੀ। ਮਿਲੀ ਜਾਣਕਾਰੀ ਦੇ ਅਨੁਸਾਰ, ਧਮਾਕੇ ਦਾ ਕਾਰਨ ਖਰਾਬ ਹੋਈ ਗੈਸ ਲਾਈਨ ਜਾਂ ਦੁਕਾਨ ਵਿੱਚ ਵਰਤਿਆ ਗੈਸ ਸਿਲੰਡਰ ਹੋ ਸਕਦਾ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ