ਸਪੇਨ : ਸੌਫ਼ਟਵੇਅਰ ਟਾਈਕੂਨ ਜੌਨ ਮੈਕਾਫ਼ੀ ਬੁੱਧਵਾਰ ਨੂੰ ਸਪੇਨ ਦੀ ਜੇਲ੍ਹ ਵਿੱਚ ਮ੍ਰਿਤਕ ਹਾਲਤ ਵਿੱਚ ਪਾਏ ਗਏ। ਮੈਕਾਫ਼ੀ ਨੂੰ ਟੈਕਸ ਚੋਰੀ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਉਹ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਉਹ ਆਪਣੇ ਵਿਰੁੱਧ ਲੱਗੇ ਦੋਸ਼ਾਂ ਲਈ ਅਦਾਲਤ ਵਿੱਚ ਅਪੀਲ ਵੀ ਕਰ ਸਕਦੇ ਸਨ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਇਹ ਕਦਮ ਚੁੱਕ ਲਿਆ। ਕਿਹਾ ਜਾ ਰਿਹਾ ਹੈ ਕਿ ਪ੍ਰਸਿੱਧ ਐਂਟੀ ਵਾਇਰਸ ਮੈਕਾਫ਼ੀ ਦੇ ਬਾਨੀ ਜੌਨ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਫਾਹਾ ਲਾ ਕੇ ਆਪਣੀ ਜਾਨ ਦਿੱਤੀ। ਇਸ ਸਬੰਧੀ ਸਾਲ ਕੁ ਪਹਿਲਾਂ ਉਨ੍ਹਾਂ ਟਵੀਟ ਵੀ ਕੀਤਾ ਸੀ। ਜੌਨ ਮੈਕਾਫ਼ੀ ਨੇ ਇਹ ਟਵੀਟ 15 ਅਕਤੂਬਰ, 2020 ਨੂੰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਮੈਂ ਜੇਲ੍ਹ ਵਿੱਚ ਸੰਤੁਸ਼ਟ ਹਾਂ। ਮੇਰੇ ਕੋਲ ਦੋਸਤ ਹਨ। ਖਾਣਾ ਵਧੀਆ ਹੈ। ਸਭ ਠੀਕ ਹੈ। ਇਹ ਜਾਣ ਲਵੋ ਕਿ ਜੇ ਮੈਂ ਖ਼ੁਦ ਨੂੰ Epstein ਵਾਂਗ ਲਟਕਾ ਦੇਵਾਂ, ਤਾਂ ਇਸ ਵਿੱਚ ਮੇਰੀ ਕੋਈ ਗ਼ਲਤੀ ਨਹੀਂ ਹੋਵੇਗੀ। Epstein ਤੋਂ ਉਨ੍ਹਾਂ ਦਾ ਮਤਲਬ Jeffery Epstein ਤੋਂ ਸੀ। ਜੈਫ਼ਰੇ ਐਪਸਟੀਨ ਨੂੰ ਸੈਕਸ ਟ੍ਰੈਫ਼ਿਕਿੰਗ ਦੇ ਦੋਸ਼ਾਂ ਅਧੀਨ ਜੇਲ੍ਹੀਂ ਡੱਕ ਦਿੱਤਾ ਗਿਆ ਸੀ। ਉਸ ਨੇ ਵੀ ਜੇਲ੍ਹ ਵਿੱਚ ਖ਼ੁਦਕੁਸ਼ੀ ਹੀ ਕੀਤੀ ਸੀ। ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਜੌਨ ਮੈਕਾਫ਼ੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਸਿਰਫ਼ ਕੁਝ ਘੰਟੇ ਪਹਿਲਾਂ ਹੀ ਸਪੇਨ ਦੀ ਅਦਾਲਤ ਨੇ ਅਮਰੀਕਾ ਵਿੱਚ ਉਨ੍ਹਾਂ ਦੀ ਹਵਾਲਗੀ ਨੂੰ ਪ੍ਰਵਾਨਗੀ ਦਿੱਤੀ ਸੀ। ਦੱਸ ਦੇਈਏ ਕਿ ਮੈਕਾਫ਼ੀ ਉੱਤੇ 2014 ਅਤੇ 2018 'ਚ ਜਾਣਬੁੱਝ ਕੇ ਟੈਕਸ ਰਿਟਰਨ ਦਾਖ਼ਲ ਨਾ ਕਰਨ ਦਾ ਦੋਸ਼ ਸੀ। ਦੋਸ਼ ਹੈ ਕਿ ਉਨ੍ਹਾਂ ਕ੍ਰਿਪਟੋ ਕਰੰਸੀ ਰਾਹੀਂ ਲੱਖਾਂ ਡਾਲਰ ਦੀ ਕਮਾਈ ਕੀਤੀ ਤੇ ਆਪਣੇ ਜੀਵਨ ਦੀ ਕਹਾਣੀ ਦੇ ਅਧਿਕਾਰ ਵੀ ਵੇਚੇ ਪਰ ਟੈਕਸ ਫਿਰ ਵੀ ਨਹੀਂ ਭਰਿਆ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ