Friday, November 22, 2024
 

ਰਾਸ਼ਟਰੀ

ਢਾਬੇ ’ਤੇ ਸਫ਼ਾਈ ਕਰਨ ਵਾਲਾ ਗੱਭਰੂ ਇਵੇਂ ਪੁੱਜਾ ਉਲੰਪਿਕ ਵਿਚ

June 24, 2021 10:24 AM

ਸੋਨੀਪਤ :  ਭਾਰਤ ਦੇ ਸੂਬੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਜਾਟ ਦਬਦਬੇ ਵਾਲੇ ਕੁਰੜ ਪਿੰਡ 'ਚ ਸੁਮਿਤ ਦਾ ਨਾਮ ਬੋਲ ਰਿਹਾ ਹੈ। ਸੋਨੀਪਤ ਨੂੰ ਭਾਰਤੀ ਕੁਸ਼ਤੀ ਦਾ ਮੱਕਾ ਕਿਹਾ ਜਾਂਦਾ ਹੈ ਅਤੇ ਹੁਣ ਹਾਕੀ ਓਲੰਪੀਅਨ ਵੀ ਇਸ ਪਿੰਡ ਦਾ ਮਾਣ ਵਧਾ ਰਹੇ ਹਨ। ਸੁਮਿਤ ਤੋਂ ਇਲਾਵਾ ਤਿੰਨ ਹੋਰਨਾਂ- ਨੇਹਾ, ਨਿਸ਼ਾ ਅਤੇ ਸ਼ਰਮੀਲਾ ਨੇ ਭਾਰਤੀ ਮਹਿਲਾ ਹਾਕੀ ਟੀਮ 'ਚ ਜਗ੍ਹਾ ਬਣਾਈ ਹੈ। ਸੁਮਿਤ ਡਿਫੈਂਸ ਖੇਡਦਾ ਹੈ ਅਤੇ ਉਸ ਨੇ ਆਪਣਾ ਪਹਿਲਾ ਮੈਚ ਸਾਲ 2017 'ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੌਰਾਨ ਖੇਡਿਆ ਸੀ। ਉਸ ਨੇ ਸਾਲ 2018 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਵੀ ਹਿੱਸਾ ਲਿਆ ਸੀ। ਸੁਮਿਤ ਦਾ ਕਹਿਣਾ ਹੈ ਗਰੀਬੀ ਇੱਕ ਸਭ ਤੋਂ ਵੱਡਾ ਸਰਾਪ ਹੈ। ਮੇਰਾ ਬਚਪਨ ਇੱਥੋਂ ਤੱਕ ਕਿ ਮੇਰੀ ਜਵਾਨੀ ਵੀ ਗਰੀਬੀ ਦੀ ਭੇਟ ਚੜ੍ਹੇ ਹਨ। ਪਿਛਲੇ ਛੇ ਸਾਲਾਂ ਤੋਂ ਮੇਰੀ ਜ਼ਿੰਦਗੀ 'ਚ ਤਬਦੀਲੀ ਆਉਣੀ ਸ਼ੁਰੂ ਹੋਈ ਹੈ। ਇੰਨ੍ਹਾਂ ਸਾਰੀਆਂ ਮੁਸ਼ਕਲਾਂ ਨੇ ਮੈਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਇਆ ਹੈ। ਇਸ ਲਈ ਹੁਣ ਮੇਰੀ ਜ਼ਿੰਦਗੀ 'ਚ ਗਰ ਅਤੇ ਦਬਾਅ ਦੀ ਕੋਈ ਜਗ੍ਹਾ ਨਹੀਂ ਹੈ। ਮੈਂ ਉਮੀਦ ਕਰਦਾ ਹਾਂ ਕਿ ਓਲੰਪਿਕ ਦੌਰਾਨ ਮੈਂ ਟੀਮ ਦੀ ਤਗਮਾ ਜਿੱਤਣ 'ਚ ਮਦਦ ਕਰਾਂਗਾ। 


ਸੁਮਿਤ ਜੋ ਕਿ ਇੱਕ ਦਲਿਤ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਕੋਈ ਜ਼ਮੀਨ ਵੀ ਨਹੀਂ ਹੈ। ਸੁਮਿਤ ਦਾ ਹਾਕੀ ਦਾ ਸਫਰ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਉਹ ਦਿੱਲੀ-ਚੰਡੀਗੜ੍ਹ ਰਾਜਮਾਰਗ 'ਤੇ ਮੂਰਥਲ ਵਿਖੇ ਸੜਕ ਕੰਢੇ ਇੱਕ ਢਾਬੇ 'ਚ ਬਤੌਰ ਸਫਾਈ ਮੁਲਾਜ਼ਮ ਕੰਮ ਕਰਦਾ ਸੀ। ਉਸ ਸਮੇਂ ਸੁਮਿਤ ਕੋਲ ਕੁਝ ਵੀ ਖਾਣ ਨੂੰ ਨਹੀਂ ਹੁੰਦਾ ਸੀ ਅਤੇ ਕਈ ਵਾਰ ਉਹ ਖਾਲੀ ਪੇਟ ਹੀ ਸੁੱਤਾ ਸੀ ਜਾਂ ਫਿਰ ਸਿਰਫ ਬ੍ਰੇਡ ਨਾਲ ਹੀ ਗੁਜ਼ਾਰਾ ਕਰਦਾ ਸੀ। ਉਸ ਕੋਲ ਦੁੱਧ ਪੀਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਅੰਤਰ-ਜ਼ਿਲ੍ਹਾ ਹਾਕੀ ਮੁਕਾਬਲਿਆਂ ਦੌਰਾਨ ਫਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਲਈ ਪੈਸੇ ਬਚਾਉਣ ਦੀ ਖ਼ਾਤਰ ਉਹ ਬਿਨ੍ਹਾਂ ਟਿਕਟ ਹੀ ਟ੍ਰੇਨ 'ਚ ਸਫਰ ਕਰਦਾ ਸੀ। ਉਸ ਦੀ ਇਸ ਘਾਲਣਾ ਨੇ ਉਸ ਨੂੰ ਟੋਕਿਓ ਓਲੰਪਿਕ ਲਈ ਚੁਣੀ ਗਈ ਭਾਰਤ ਦੀ 16 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਂਬਰ ਬਣਨ 'ਚ ਮਦਦ ਕੀਤੀ ਹੈ। ਸੁਮਿਤ ਦੇ ਵੱਡੇ ਭਰਾ ਅਮਿਤ ਨੇ ਕਿਹਾ, "ਇਹ ਸਾਡੇ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸੁਮਿਤ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਸਖ਼ਤ ਮਹਿਨਤ ਅਤੇ ਸੰਘਰਸ਼ ਕੀਤਾ ਹੈ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਸੁਮਿਤ ਨੇ ਮੁਰਥਲ ਹਾਈਵੇ 'ਤੇ ਇਕ ਢਾਬੇ 'ਚ ਕਲੀਨਰ ਦਾ ਕੰਮ ਵੀ ਕੀਤਾ।"
"ਉਸ ਨੇ ਜ਼ਿੰਦਗੀ ਦੇ ਕੜਵੇ ਪਲਾਂ ਨੂੰ ਵੀ ਹੱਸ ਕੇ ਲੰਘਾਇਆ ਹੈ। ਹਾਕੀ ਪ੍ਰਤੀ ਇਹ ਉਸ ਦਾ ਜਨੂੰਨ ਹੀ ਸੀ, ਜਿਸ ਕਰਕੇ ਉਹ ਹਰ ਮੁਸ਼ਕਲ ਨੂੰ ਪਾਰ ਕਰਦਾ ਗਿਆ ਅਤੇ ਅੱਜ ਉਹ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ। ਟੋਕਿਓ ਓਲੰਪਿਕ ਲਈ ਚੁਣੀ ਗਈ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਂਬਰ ਬਣ ਕੇ ਉਸ ਨੇ ਪੂਰੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ।"30 ਸਾਲਾ ਅਮਿਤ ਨੂੰ ਵੀ ਹਾਕੀ ਖੇਡਣ ਦਾ ਸ਼ੌਕ ਸੀ ਪਰ ਉਸ ਨੇ ਘਰ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਹਾਕੀ ਖੇਡਣਾ ਛੱਡ ਦਿੱਤਾ ਸੀ ਤਾਂ ਜੋ ਉਹ ਪਰਿਵਾਰ ਨੂੰ ਚਲਾਉਣ ਲਈ ਕੁਝ ਪੈਸਾ ਕਮਾ ਸਕੇ। ਅਮਿਤ ਦਾ ਇਹ ਵੀ ਸੁਪਨਾ ਸੀ ਕਿ ਉਸ ਦਾ ਛੋਟਾ ਭਰਾ ਹਾਕੀ ਖੇਡਣਾ ਜਾਰੀ ਰੱਖੇ। ਇਸ ਸਮੇਂ ਅਮਿਤ ਯੂਜੀਸੀ ਨੈਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਇਤਿਹਾਸ ਦੇ ਵਿਸ਼ੇ 'ਚ ਖੋਜ ਕਰਨ ਦੀ ਇੱਛਾ ਰੱਖਦਾ ਹੈ। ਅਮਿਤ ਨੇ ਅੱਗੇ ਦੱਸਿਆ, "ਅਸੀਂ ਦੋਵਾਂ ਨੇ ਮੁਰਥਲ ਵਿਖੇ ਮਸ਼ਹੂਰ ਸੁਖਦੇਵ ਢਾਬੇ ਨੇੜੇ ਰਤਨ ਢਾਬੇ ਅਤੇ ਮਦਨ ਢਾਬੇ 'ਚ ਕੰਮ ਕੀਤਾ ਹੈ। ਸਾਨੂੰ ਤੜਕਸਾਰ ਢਾਬੇ ਦੀ ਸਫਾਈ ਕਰਨ ਦਾ ਕੰਮ ਮਿਲਦਾ ਸੀ ਅਤੇ ਇਸ ਦੇ ਬਦਲੇ 'ਚ ਸਾਨੂੰ ਆਪਣੇ ਪਰਿਵਾਰ ਭੋਜਨ ਮਿਲਦਾ ਸੀ।" "ਕੰਮ ਤੋਂ ਬਾਅਦ ਅਸੀਂ ਉੱਥੋਂ ਸਿੱਧੇ ਸਵੇਰੇ 5.30 ਵਜੇ ਟ੍ਰੇਨਿੰਗ ਲਈ ਗਰਾਊਂਡ 'ਚ ਪਹੁੰਚ ਜਾਂਦੇ ਸੀ। ਪਰ ਬਾਅਦ 'ਚ ਕੁਝ ਹਲਾਤਾਂ ਕਰਕੇ ਮੈਂ ਹਾਕੀ ਛੱਡ ਦਿੱਤੀ ਸੀ, ਪਰ ਸੁਮਿਤ ਨੇ ਖੇਡਣਾ ਜਾਰੀ ਰੱਖਿਆ।" "ਸੁਮਿਤ ਨੇ ਲਗਭਗ 4-5 ਸਾਲ ਢਾਬਿਆਂ 'ਚ ਕੰਮ ਕੀਤਾ ਸੀ ਅਤੇ ਬਾਅਦ 'ਚ ਉਸ ਦੀ ਚੋਣ ਗੁਰਗਾਉਂ ਦੇ ਸਪੋਰਟਸ ਹੋਸਟਲ 'ਚ ਹੋ ਗਈ ਸੀ। ਇਹ ਰਿਹਾਇਸ਼ੀ ਕੇਂਦਰ ਸੀ ਅਤੇ ਹੋਸਟਲ 'ਚ ਹੀ ਉਸ ਦੀ ਪੂਰੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ ਸੀ। ਸਪੋਰਟਸ ਹੋਸਟਲ 'ਚ ਉਸ ਦੀ ਚੋਣ ਨੇ ਜਿਵੇਂ ਸਭ ਕੁਝ ਬਦਲ ਕੇ ਰੱਖ ਦਿੱਤਾ।" 25 ਸਾਲਾ ਸੁਮਿਤ ਦਾ ਕਹਿਣਾ ਹੈ, "ਜੇਕਰ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ ਤਾਂ ਉਹ ਦੁਨੀਆ ਦੀ ਸਭ ਤੋਂ ਖੁਸ਼ ਇਨਸਾਨ ਹੁੰਦੀ। ਪਿਛਲੇ ਸਾਲ ਨਵੰਬਰ ਮਹੀਨੇ ਮੇਰੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਸਰੀਰ 'ਚ ਇਨਫੈਕਸ਼ਨ ਹੋ ਗਈ ਸੀ, ਜਿਸ ਨੇ ਬਾਅਦ 'ਚ ਉਨ੍ਹਾਂ ਦੇ ਫੇਫੜਿਆਂ ਨੂੰ ਪ੍ਰਭਾਵਿਤ ਕੀਤਾ ਸੀ। ਸੁਮਿਤ ਇਸ ਸਮੇਂ ਬੰਗਲੂਰੂ 'ਚ ਸਿਖਲਾਈ ਲੈ ਰਿਹਾ ਹੈ।

 

Have something to say? Post your comment

 
 
 
 
 
Subscribe