ਨਵੀਂ ਦਿੱਲੀ : JBT ਟੀਚਰ ਭਰਤੀ ਘੁਟਾਲੇ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਰਿਹਾ ਕਰ ਦਿੱਤਾ ਗਿਆ ਹੈ। ਓਪੀ ਚੌਟਾਲਾ ਦੀ ਸਜ਼ਾ ਪੂਰੀ ਹੋਣ ਦੇ ਚੱਲਦੇ ਉਹਨਾਂ ਨੂੰ ਰਿਹਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਥੋੜ੍ਹੀ ਕਾਗਜ਼ੀ ਕਾਰਵਾਈ ਅਜੇ ਬਾਕੀ ਹੈ। ਫਿਲਹਾਲ ਕੋਰੋਨਾ ਮਹਾਮਾਰੀ ਦੇ ਚਲਦੇ 83 ਸਾਲਾਂ ਚੌਟਾਲਾ ਪੈਰੋਲ 'ਤੇ ਹੈ। ਹੁਣ ਜਿਵੇਂ ਹੀ ਉਹ ਤਿਹਾੜ ਜੇਲ੍ਹ ਪ੍ਰਸਾਸ਼ਨ ਨੂੰ ਸਰੈਂਡਰ ਕਰਨਗੇ ਤਾਂ ਹੀ ਅੱਗੇ ਜਾ ਕੇ ਕਾਗਜ਼ੀ ਕਾਰਵਾਈ ਕਰ ਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਮੁੱਖ ਓਪੀ ਚੌਟਾਲਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ। ਪਟੀਸ਼ਨ ਵਿਚ ਓਪੀ ਚੌਟਾਲਾ ਨੇ ਕਿਹਾ ਸੀ ਕਿ ਉਸ ਦੀ ਸਜ਼ਾ ਪੂਰੀ ਹੋਣ ਤੋਂ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਪਰ ਜੇਲ੍ਹ ਪ੍ਰਸਾਸ਼ਨ ਨੇ ਮੰਨ ਲਿਆ ਹੈ ਕਿ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਦਰਅਸਲ ਇਹ ਗਲਤਫਹਿਮੀ ਸਪੈਸ਼ਲ ਛੂਟ ਨੂੰ ਲੈ ਕੇ ਸੀ। ਚੌਟਾਲਾ ਦੇ ਵਕੀਲ ਅਮਿਤ ਸ਼ੈਣੀ ਵੱਲੋਂ ਕਿਹਾ ਗਿਆ ਸੀ ਕਿ ਦਿੱਲੀ ਸਰਕਾਰ ਵੱਲੋਂ ਅਜਿਹੇ ਕੈਦੀਆਂ ਨੂੰ ਮਹੀਨੇ ਦੀ ਵਿਸੇਸ਼ ਛੁੱਟ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ 10 ਸਾਲ ਦੀ ਸਜ਼ਾ ਮਿਲੀ ਹੋਵੇ ਅਤੇ ਉਹਨਾਂ ਨੇ ਉਸ ਵਿਚ 9 ਸਾਲ ਅਤੇ 6 ਮਹੀਨੇ ਦੀ ਕਸਟਡੀ ਪੂਰੀ ਕਰ ਲਈ ਹੋਵੇ।
ਦੱਸ ਦਈਏ ਕਿ ਹਰਿਆਣਾ ਵਿਚ ਮੁੱਖ ਮੰਤਰੀ ਰਹਿੰਦੇ ਹੋਏ ਉਹਨਾਂ ਦੇ ਕਾਰਜਕਾਲ ਵਿਚ ਅਧਿਆਪਕ ਭਰਤੀ ਵਿਚ ਘੁਟਾਲਾ ਹੋਇਆ ਸੀ ਜਿਸ ਕਰ ਕੇ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਈ ਸੀ। ਚੌਟਾਲਾ ਨੂੰ ਇਹ ਸਜ਼ਾ ਸੀਬੀਆਈ ਸ਼ਪੈਸ਼ਲ ਕੋਰਟ ਨੇ ਸੁਣਾਈ ਸੀ।