ਰੋਮ : ਇਟਲੀ ਦੇ ਸਿਹਤ ਮੰਤਰੀ ਰਬਰਟੋ ਸਪਰੇਂਜ਼ਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਦੇਸ਼ ਵਿਚ ਵਿਚ ਲਾਜ਼ਮੀ ਤੌਰ 'ਤੇ ਮਾਸਕ ਪਹਿਨਣਾ 28 ਜੂਨ ਤੋਂ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਇਟਲੀ ਦੀ ਵਰਗੀਕਰਣ ਪ੍ਰਣਾਲੀ ਅਨੁਸਾਰ ਹੁਣ ਉਨ੍ਹਾਂ ਇਲਾਕਿਆਂ ਵਿਚ ਮਾਸਕ ਪਾਉਣ ਦੀ ਲੋੜ ਨਹੀਂ ਪਵੇਗੀ ਜੋ ਵ੍ਹਾਈਟ ਸ਼੍ਰੇਣੀ ਵਿਚ ਰੱਖੇ ਗਏ ਹਨ। ਦੱਸਣਯੋਗ ਹੈ ਕਿ ਆਅੋਸਟਾ ਵੈਲੀ ਨੂੰ ਛੱਡ ਕੇ ਬਾਕੀ ਸਾਰੇ ਇਲਾਕੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਕਦਮ ਇਟਲੀ ਦੇ ਵਿਗਿਆਨਕ ਸਲਾਹਕਾਰ ਪੈਨਲ ਦੀ ਸਲਾਹ 'ਤੇ ਚੁੱਕਿਆ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਲੋਕਾਂ ਨੂੰ ਫਿਲਹਾਲ ਉਨ੍ਹਾਂ ਥਾਵਾਂ 'ਤੇ ਮਾਸਕ ਦੀ ਵਰਤੋਂ ਜ਼ਰੂਰੀ ਹੋ ਸਕਦੀ ਹੈ ਜਿੱਥੇ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਹੈ ਜਿਵੇਂ ਕੇ ਭੀੜ ਵਾਲੀਆਂ ਥਾਵਾਂ ਆਦਿ। ਜ਼ਿਕਰਯੋਗ ਹੈ ਕਿ ਇਟਲੀ ਵਿਚ ਹੁਣ ਤੱਕ 12 ਸਾਲ ਤੋਂ ਵੱਧ ਉਮਰ ਦੀ 30 ਫੀਸਦੀ ਅਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ।