ਚੇਨਈ : ਚੇਨਈ ਦੇ ਵੰਦਾਲੁਰ ਸਥਿਤ ਅਰਿਗਨਾਰ ਅੰਨਾ ਜ਼ੂਲੌਜੀਕਲ ਪਾਰਕ ’ਚ ਕੋਰੋਨਾ ਦੇ ਡੈਲਟਾ ਵੇਰੀਐਂਟ ਨਾਲ ਚਾਰ ਸ਼ੇਰ ਪੀੜਤ ਪਾਏ ਗਏ ਹਨ। ਇਨ੍ਹਾਂ ਦੇ ਸੈਂਪਲ ਦੀ ਜੀਨੋਮ ਸਿਕਵੈਂਸਿੰਗ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਜੋ ਭੋਪਾਲ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਉਰਿਟੀ ਐਨੀਮਲ ਡਿਜ਼ੀਜ਼ ’ਚ ਕੀਤਾ ਗਿਆ। ਪਾਰਕ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ ਹੈ।
ਅਰਿਗਨਾਰ ਅੰਨਾ ਜ਼ੂਲੌਜੀਕਲ ਨੇ 11 ਸ਼ੇਰਾਂ ਦੇ ਸੈਂਪਲ ਕੋਰੋਨਾ ਟੈਸਟ ਲਈ ਐਨਆਈਐੱਚਐੱਸਏਡੀ, ਭੋਪਾਲ ਭੇਜੇ ਸਨ। ਬੀਤੀ 24 ਮਈ ਨੂੰ ਚਾਰ ਸ਼ੇਰ ਤੇ 29 ਮਈ ਨੂੰ ਸੱਤ ਸ਼ੇਰਾਂ ਦੇ ਸੈਂਪਲ ਭੇਜੇ ਗਏ ਸਨ। ਐੱਨਆਈਐੱਚਐੱਸਏਡੀ, ਭੋਪਾਲ ਵਲੋਂ 3 ਜੂਨ ਨੂੰ ਭੇਜੀ ਗਈ ਰੀਪੋਰਟ ਅਨੁਸਾਰ 9 ਸ਼ੇਰ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਇਸ ਤੋਂ ਬਾਅਦ ਜਾਨਵਰਾਂ ਦਾ ਇਲਾਜ ਚੱਲ ਰਿਹਾ ਹੈ।
ਪਾਰਕ ਦੇ ਅਧਿਕਾਰੀਆਂ ਨੇ ਸੰਸਥਾ ਨਾਲ ਕੋਰੋਨਾ ਵਾਇਰਸ ਦੇ ਜਿਨੋਮ ਸੀਕਵੈਂਸਿੰਗ ਦੇ ਨਤੀਜੇ ਸਾਂਝੇ ਕਰਨ ਦੀ ਅਪੀਲ ਕੀਤੀ ਸੀ ਜਿਸ ਨੇ ਸ਼ੇਰਾਂ ਨੂੰ ਇਨਫੈਕਟਿਡ ਕੀਤਾ ਹੈ। ਇਸ ਤੋਂ ਬਾਅਦ ਹੀ ਜਾਣਕਾਰੀ ਸਾਹਮਣੇ ਆਈ ਹੈ। 9 ਸਾਲ ਦੀ ਇਕ ਸ਼ੇਰਨੀ ਨੀਲਾ ਤੇ 12 ਸਾਲ ਦੀ ਉਮਰ ਦੇ ਪਥਬਨਾਥਨ ਨਾਂ ਦੇ ਇਕ ਨਰ ਸ਼ੇਰ ਦੀ ਇਸ ਮਹੀਨੇ ਦੀ ਸ਼ੁਰੂਆਤ ’ਚ ਕੋਰੋਨਾ ਨਾਲ ਮੌਤ ਹੋ ਗਈ ਸੀ।
ਸ੍ਰੀਲੰਕਾ ਜ਼ੂਲੋਜੀਕਲ ਪਾਰਕ ਦੇ ਅਧਿਕਾਰੀਆਂ ਨੇ ਇਥੋਂ ਦੇ ਇਕ ਚਿੜੀਆਘਰ ਵਿਚ ਇਕ ਸ਼ੇਰ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਭਾਰਤ ਤੋਂ ਮਦਦ ਮੰਗੀ ਹੈ। ਇਥੇ ਰਾਸ਼ਟਰੀ ਜੁਆਲੋਜੀਕਲ ਪਾਰਕ ਦੇ ਮੁਖੀ ਨੇ ਕਿਹਾ ਕਿ ਉਹ ‘ਥੋਰ’ ਨਾਮ ਦੇ 11 ਸਾਲਾ ਇਕ ਸ਼ੇਰ ਦੇ ਇਲਾਜ ਲਈ ਭਾਰਤ ਦੇ ਕੇਂਦਰੀ ਚਿੜੀਅਘਰ ਅਥਾਰਟੀ ਨਾਲ ਸੰਪਰਕ ਵਿਚ ਹਨ।
ਡਾਇਰੈਕਟਰ ਜਨਰਲ ਇਸ਼ਿਟੀ ਵਿਕਰਮਸਿੰੰਘੇ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਭਾਰਤੀ ਕੇਂਦਰੀ ਚਿੜੀਆਘਰ ਅਥਾਰਟੀ ਨਾਲ ਨਿਯਮਿਤ ਰੂਪ ਨਾਲ ਸੰਪਰਕ ਵਿਚ ਹਾਂ ਅਤੇ ਚਿੜੀਆਘਰ ਵਿਚ ਕਰਮਚਾਰੀਆਂ ਅਤੇ ਹੋਰ ਜਾਨਵਰਾਂ ਨੂੰ ਸੰਕਰਮਿਤ ਹੋਣ ਤੋਂ ਰੋਕਣ ਲਈ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣਾਂ ਕਰ ਰਹੇ ਹਾਂ। ਅਸੀਂ ਸ਼ੇਰ ਨੂੰ ਵੱਖ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਾਂ।’’
ਸ਼ੇਰ ਨੂੰ 2013 ਵਿਚ ਦੱਖਣੀ ਕੋਰੀਆ ਦੇ ਸਿਉਲ ਸ਼ਹਿਰ ਦੇ ਚਿੜੀਆਘਰ ਤੋਂ ਕੋਲੰਬੋ ਚਿੜੀਆਘਰ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੇਰ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ ਪਰ ਸ਼ੁਰੂਆਤੀ ਐਂਟੀਜਨ ਜਾਂਚ ਦਾ ਨਤੀਜਾ ਨਕਾਰਾਤਮਕ ਸੀ। ਉਨ੍ਹਾਂ ਕਿਹਾ ਕਿ ਕਈ ਹੋਰ ਪੀ.ਸੀ.ਆਰ. ਪ੍ਰੀਖਣਾਂ ਤੋਂ ਬਾਅਦ ਸ਼ੇਰ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ।
ਭਾਰਤ ਵਿਚ ਕੋਵਿਡ-19 ਨਾਲ ਪੀੜਤ 12 ਸਾਲਾ ਇਕ ਏਸ਼ੀਆਈ ਸ਼ੇਰ ਦੀ ਬੁਧਵਾਰ ਨੂੰ ਚੇਨਈ ਵਿਚ ਵੰਡਾਪੂਰ ਨੇੜੇ ਅਰਿਗਨਾਰ ਅੰਨਾ ਜ਼ੂਲੋਜੀਕਲ ਪਾਰਕ ਦੇ ਸਫ਼ਾਰੀ ਖੇਤਰ ਵਿਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 3 ਜੂਨ ਨੂੰ ਕੋਰੋਨਾ ਵਾਇਰਸ ਕਾਰਨ ਚਿੜੀਆਘਰ ਵਿਚ 9 ਸਾਲਾ ਇਕ ਸ਼ੇਰਨੀ ਦੀ ਮੌਤ ਹੋ ਗਈ ਸੀ ਅਤੇ ਹੁਣ ਤਕ ਕੁੱਲ 14 ਵਿਚੋਂ 7 ਸ਼ੇਰ ਪੀੜਤ ਹੋ ਚੁਕੇ ਹਨ।