Friday, November 22, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ 'ਚ 'ਐਤਵਾਰ' ਦਾ ਕਰਫ਼ਿਊ ਹੋਇਆ ਖ਼ਤਮ

June 19, 2021 05:27 PM

ਚੰਡੀਗੜ੍ਹ: ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਪਿਛਲੇ ਕਈ ਹਫ਼ਤਿਆਂ ਤੋਂ ਐਤਵਾਰ ਨੂੰ ਲਗਾਇਆ ਜਾ ਰਿਹਾ ਕਰਫਿਊ ਹੁਣ ਹਟਾ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਕਰਫਿਊ ਖਤਮ ਕਰਨ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਹੁਣ ਸ਼ਹਿਰ ਵਿਚ ਸਿਰਫ ਰਾਤ ਦੇ ਕਰਫ਼ਿਊ ਦੀਆਂ ਸਖ਼ਤੀਆਂ ਲਾਗੂ ਰਹਿਣਗੀਆਂ। ਪ੍ਰਬੰਧਕ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦੇ ਸਲਾਹਕਾਰ ਮਨੋਜ ਪਰੀਦਾ ਨੇ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿਚ ਐਤਵਾਰ ਸੁਖਨਾ ਝੀਲ ਦੇ ਖੁੱਲ੍ਹਣ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਐਤਵਾਰ ਸੁਖਨਾ ਝੀਲ ਸਵੇਰੇ ਸਵੇਰ 5 ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਹੀ ਖੁੱਲ੍ਹੀ ਰਹੇਗੀ। ਬਾਕੀ ਸਮਾਂ ਸੁਖਨਾ ਝੀਲ 'ਤੇ ਕਿਸੇ ਦੇ ਵੀ ਜਾਣ 'ਤੇ ਰੋਕ ਰਹੇਗੀ।

ਹੁਣ ਸ਼ਹਿਰ ਵਿਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਲਗਾਈਆਂ ਗਈਆਂ ਲਗਭਗ ਸਾਰੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਸਿਨੇਮਾ ਹਾਲ, ਰਾਕ ਗਾਰਡਨ ਅਤੇ ਥੀਏਟਰ ਫਿਲਹਾਲ ਬੰਦ ਰਹਿਣਗੇ। ਪ੍ਰਸ਼ਾਸਨ ਨੇ ਵਿਆਹ ਸਮਾਰੋਹ, ਅੰਤਮ ਸੰਸਕਾਰ ਅਤੇ ਹੋਰ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਲੋਕਾਂ ਦੀ ਗਿਣਤੀ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਵੇਲੇ ਇਹ ਗਿਣਤੀ 30 ਹੈ। ਪ੍ਰਸ਼ਾਸਨ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਵਿਚ ਰੋਜ਼ਾਨਾ 10.30 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ।

ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਬਾਹਰ ਨਿਕਲਣ 'ਤੇ ਰੋਕ ਰਹੇਗੀ। ਕਰਫ਼ਿਊ ਦੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਦਰ ਬਜ਼ਾਰ ਮਾਰਕਿਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਐਤਵਾਰ ਦੇ ਦਿਨ ਦੁਕਾਨਾਂ ਬੰਦ ਹੋਣ ਕਾਰਨ ਦੁਕਾਨਦਾਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਲਈ ਰਾਹਤ ਦੀ ਖ਼ਬਰ ਆਈ ਹੈ।

 

Have something to say? Post your comment

Subscribe