ਹੁਣ ਸੁਪਰੀਮ ਕੋਰਟ ਜਾਵੇਗਾ ਭੁੱਲਰ ਪਰਿਵਾਰ
ਚੰਡੀਗੜ੍ਹ: ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਰੁੱਖ ਕਰੇਗਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਪੋਸਟ ਮਾਰਟਮ ਕਰਨ ਦੀ ਪਰਿਵਾਰ ਦੀ ਅਪੀਲ ਖਾਰਜ ਕਰ ਦਿੱਤੀ ਹੈ। ਪਰਿਵਾਰ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਐਨਕਾਊਂਟਰ ਤੋਂ ਪਹਿਲਾਂ ਉਸ 'ਤੇ ਤਸ਼ੱਦਦ ਕੀਤਾ ਗਿਆ ਸੀ, ਜਿਸ ਕਾਰਨ ਉਹ ਮੁੜ ਪੰਜਾਬ 'ਚ ਪੋਸਟ ਮਾਰਟਮ ਦੀ ਮੰਗ ਕਰ ਰਹੇ ਹਨ। ਗੈਂਗਸਟਰ ਦੀ ਲਾਸ਼ ਨੂੰ ਫਿਰੋਜ਼ਪੁਰ ਦੇ ਘਰ 'ਚ ਚਾਰ ਦਿਨਾਂ ਤੋਂ ਰੱਖਿਆ ਹੋਇਆ ਹੈ। ਪਰਿਵਾਰ ਅੰਤਮ ਸੰਸਕਾਰ ਨਹੀਂ ਕਰ ਰਿਹਾ ਹੈ। ਦਸ ਦਈਏ ਕਿ ਪੰਜਾਬ ਪੁਲਿਸ ਦੀ ਸੂਚਨਾ 'ਤੇ ਕੋਲਕਾਤਾ ਐਸਟੀਐਫ ਨੇ ਗੈਂਗਸਟਰ ਜੈਪਾਲ ਅਤੇ ਉਸ ਦੇ ਸਾਥੀ ਜੱਸੀ ਖਰੜ ਦਾ ਐਨਕਾਊਂਟਰ ਕੀਤਾ ਸੀ। ਜੈਪਾਲ 'ਤੇ 10 ਲੱਖ ਦਾ ਇਨਾਮ ਸੀ ਅਤੇ ਉਹ ਪੰਜਾਬ ਦੇ 45 ਮਾਮਲਿਆਂ 'ਚ ਲੋੜੀਂਦਾ ਸੀ।