ਬੀਜਿੰਗ : ਮੀਡੀਆ ਵਿੱਚ ਆਈ ਖ਼ਬਰ ਅਨੁਸਾਰ ਦੱਖਣੀ ਚੀਨ ਦੇ ਗੁਇਝੋਊ ਸੂਬੇ ਵਿੱਚ ਸ਼ਨੀਵਾਰ ਨੂੰ ਇੱਕ ਰਸਾਇਣ ਕੰਪਨੀ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਬੀਮਾਰ ਪੈ ਗਏ। ਸਥਾਨਕ ਅਧਿਕਾਰੀਆਂ ਨੇ ਸਰਕਾਰੀ ਸ਼ਿਨਹੁਆ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸੂਬਾਈ ਰਾਜਧਾਨੀ ਗੁਈਯਾਂਗ ਵਿੱਚ ਪੁਲਸ ਨੂੰ ਤੜਕੇ ਇਹ ਜਾਣਕਾਰੀ ਮਿਲੀ ਕਿ ਕੁੱਝ ਲੋਕ ਰਸਾਇਣ ਕੰਪਨੀ ਦੇ ਨਜ਼ਦੀਕ ਬੇਹੋਸ਼ ਪਏ ਹੋਏ ਹਨ। ਮੁਢਲੀ ਜਾਂਚ ਦੇ ਆਧਾਰ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਾਹਨ ਨਾਲ ਕੰਪਨੀ ਦੇ ਮਜ਼ਦੂਰ ਰਸਾਇਣ ਉਤਾਰ ਰਹੇ ਸਨ, ਉਦੋਂ ਮਿਥਾਈਲ ਫਾਰਮੇਟ ਲੀਕ ਹੋਇਆ। ਵਾਹਨ 'ਤੇ ਹੁਬੇਈ ਸੂਬੇ ਦਾ ਲਾਇਸੈਂਸ ਪਲੇਟ ਲੱਗਾ ਹੋਇਆ ਸੀ। ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਤਿੰਨ ਵਿਅਕਤੀ ਹਸਪਤਾਲ ਵਿੱਚ ਦਾਖਲ ਹਨ। ਅੱਗੇ ਦੀ ਜਾਂਚ ਜਾਰੀ ਹੈ।