Friday, November 22, 2024
 

ਚੰਡੀਗੜ੍ਹ / ਮੋਹਾਲੀ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ : ਆਮ ਆਦਮੀ ਪਾਰਟੀ ਨੇ ਫੂਕਿਆ ਸਾਧੂ ਸਿੰਘ ਧਰਮਸੋਤ ਦਾ ਪੁਤਲਾ

June 12, 2021 03:32 PM

ਮੁਹਾਲੀ (ਸੱਚੀ ਕਲਮ ਬਿਊਰੋ) :ਪੰਜਾਬ ਦੇ ਐਸ.ਸੀ ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਜਿਲ੍ਹਾ ਮੁਹਾਲੀ ਪ੍ਰਧਾਨ ਗੋਵਿੰਦਰ ਮਿੱਤਲ ਅਤੇ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਮੁਹਾਲੀ 3/5 ਦੀ ਲਾਈਟ ਉਪਰ ਸਾਧੂ ਸਿੰਘ ਧਰਮਸੋਤ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ ਗਿਆ।

ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਘੁਟਾਲੇ ਵਿੱਚ ਸਾਮਲ ਮੰਤਰੀਆਂ ਅਤੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਮੇਂ ਆਮ ਆਦਮੀ ਪਾਰਟੀ ਨੇ ਦਲਿਤ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ 7827273487 ਜਾਰੀ ਕੀਤਾ , ਜਿਸ 'ਤੇ ਵਿਦਿਆਰਥੀ ਆਪਣੀ ਸਮੱਸਿਆ ਦਰਜ਼ ਕਰਵਾ ਸਕਦੇ ਹਨ।

ਸੰਬੋਧਨ ਕਰਦਿਆਂ ਗੋਵਿੰਦਰ ਮਿੱਤਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਵਿਕਾਸ ਕਰਨ ਦੇ ਦਮਗਜੇ ਮਾਰਦੇ ਫਿਰਦੇ ਹਨ, ਜਦੋਂ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦੇ 2 ਲੱਖ ਤੋਂ ਜਿਆਦਾ ਵਿਦਿਆਰਥੀ ਪ੍ਰੀਖਿਆਵਾਂ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਦੇ ਮੁੱਦੇ ਤੇ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸਕਾਲਰਸ਼ਿਪ ਘੁਟਾਲੇ ਦੀ ਸਚਾਈ ਲੋਕਾਂ ਸਾਹਮਣੇ ਆ ਸਕੇ।

ਸਕੱਤਰ ਪ੍ਰਭਜੌਤ ਕੌਰ ਨੇ ਬੋਲਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 2020-21 ਵਿੱਦਿਅਕ ਵਰ੍ਹੇ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅੰਤਮ ਕਿਸਤ ਜਾਰੀ ਕਰਨ ਦਾ ਐਲਾਨ ਕੀਤਾ ਪ੍ਰੰਤੂ ਕੇਂਦਰ ਤੇ ਸੂਬਾ ਸਰਕਾਰ ਦੀ ਖੇਡ ਵਿੱਚ ਬਾਕੀ ਤਿੰਨ ਸੈਸ਼ਨ ਦੇ ਬੱਚਿਆਂ ਦਾ ਭਵਿੱਖ ਅਜੇ ਵੀ ਦਾਅ ਉਤੇ ਲੱਗਿਆ ਹੋਇਆ ਹੈ, ਕਿਉਂਕਿ ਜੁਆਇੰਟ ਐਸੋਸੀਏਸਨ ਆਫ ਕਾਲਿਜ (ਜੇ.ਏ.ਸੀ.) ਨੇ ਆਪਣਾ ਪੱਖ ਸਪੱਸਟ ਕਰ ਦਿੱਤਾ ਕਿ ਬਾਕੀ ਸਾਲਾਂ ਦੀ ਬਕਾਇਆ ਰਾਸ਼ੀ ਕਾਰਨ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਹੀਂ ਕਰੇਗੀ ।

ਆਗੂਆਂ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਕਾਲਰਸਪਿ ਵਿੱਚ ਘੁਟਾਲੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਲੱਖਾਂ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ ਕਿਉਂਕਿ ਸੂਬੇ ਦੇ ਬਹੁਤ ਸਾਰੇ ਕਾਲਜਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਰੋਲ ਨੰਬਰ ਦੇਣ ਤੋਂ ਮਨ੍ਹਾ ਕਰ ਦਿੱਤੇ ਹੈ, ਉਥੇ ਹੀ ਕਾਲਜਾਂ ਨੇ ਵਿਦਿਆਰਥੀਆਂ ਦੇ ਅਹਿਮ ਸਰਟੀਫਿਕੇਟ ਅਤੇ ਡਿਗਰੀਆਂ ਵੀ ਆਪਣੇ ਕਬਜੇ ਵਿੱਚ ਰੱਖੀਆਂ ਹੋਈਆਂ ਹਨ। ਜਿਸ ਕਰਨ ਵਿਦਿਆਰਥੀ ਨੌਕਰੀਆਂ ਲੈਣ ਲਈ ਅਪਲਾਈ ਕਰਨ ਤੋਂ ਵੀ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇ ਐਲਾਨ ਕਰ ਰਹੇ ਹਨ, ਪਰ ਪੰਜਾਬ ਦੇ ਲੋਕਾਂ ਦਾ ਹੁਣ ਉਨ੍ਹਾਂ ਤੋਂ ਵਿਸਵਾਸ ਉਠ ਗਿਆ ਹੈ।
ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੰਜਾਬ ਦੇ ਐਸ.ਸੀ/ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਰੰਤ ਜਾਰੀ ਕਰੇ ਅਤੇ ਸਕਾਲਰਸ਼ਿਪ ਰਕਮ ਵਿੱਚ ਘੁਟਾਲਾ ਕਰਨ ਵਾਲੇ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਅਤੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇ।
ਇਸ ਸਮੇਂ ਲੀਗਲ ਹੈੱਡ ਪੰਜਾਬ ਜਸਟਿਸ ਜੋਰਾ ਸਿੰਘ , ਨਰਿੰਦਰ ਸਿੰਘ ਸ਼ੇਰਗਿੱਲ, ਨਵਜੋਤ ਸੈਣੀ , ਕੁਲਜੀਤ ਰੰਧਾਵਾ , ਸਵਰਨਜੀਤ ਬਲਟਾਣਾ , ਬਲਵਿੰਦਰ ਧਨੋੜਾ , ਡਾਕਟਰ ਸੰਨੀ ਆਹਲੂਵਾਲੀਆ, ਇਕਬਾਲ ਸਿੰਘ, ਪਰਮਿੰਦਰ ਗੋਲਡੀ , ਗੁਰਤੇਜ ਪੰਨੂ , ਜਗਦੇਵ ਮਲੋਆ , ਐਡਵੋਕੇਟ ਅਮਰਦੀਪ ਕੌਰ, ਸਵਰਨ ਲਤਾ , ਸਵਿਤਾ ਪੁਰੀ , ਗੁਰਿੰਦਰ ਕੈਰੋਂ , ਗੁਰਮੇਲ ਸਿੱਧੂ , ਬਹਾਦਰ ਸਿੰਘ ਚਹਿਲ , ਗੁਰਮੇਜ ਸਿੰਘ ਕਾਹਲੋਂ , ਜਸਪਾਲ ਕਾਉਣੀ , ਅਜੀਤ ਕਾਂਸਲ ਅਤੇ ਜਸਪਾਲ ਕੁਬੜਾਂ ਆਗੂਆਂ ਨੇ ਸ਼ਮੂਲੀਅਤ ਕੀਤੀ ।

 

Have something to say? Post your comment

Subscribe