ਐਸ.ਏ.ਐਸ ਨਗਰ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਆਪਣੇ ਪੁਰਾਣੇ ਹੁਕਮਾਂ ’ਚ ਤਬਦੀਲੀ ਕਰਕੇ ਜ਼ਿਲ੍ਹੇ ਅੰਦਰ ਲਾਗੂ ਕਰਫਿਊ ’ਚ ਛੋਟ ਦਿੰਦਿਆਂ ਹੁਣ ਸਾਰੇ ਜਰੂਰੀ ਤੇ ਗ਼ੈਰ ਜਰੂਰੀ ਦੁਕਾਨਾਂ ਤੇ ਅਦਾਰਿਆਂ ਨੂੰ ਸੋਮਵਾਰ ਤੋਂ ਸ਼ਨੀਵਾਰ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਦਰਮਿਆਨ ਖੋਲ੍ਹੇ ਜਾਣ ਦੀ ਇਜ਼ਾਜਤ ਦਿੱਤੀ ਹੈ। ਜਦੋਂਕਿ ਜ਼ਿਲ੍ਹੇ ’ਚ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਾਰੀ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਪਾਸ ਤੋਂ ਬਿਨਾਂ ਜ਼ਰੂਰੀ ਗਤੀਵਿਧੀਆਂ, ਪਰਮਿਟਿਡ ਗੀਵਿਧੀਆਂ ਲਈ ਆਵਾਜਾਈ ਦੀ ਛੋਟ ਹੋਵੇਗੀ।
ਇਸ ਤੋਂ ਇਲਾਵਾ ਜ਼ਿਲ੍ਹੇ ’ਚ ਦਾਖਲ ਹੋਣ ਵਾਲਿਆਂ ਲਈ ਟੀਕਾਕਰਨ ਸਰਟੀਫਿਕੇਟ ਜਾ ਫੇਰ 72 ਘੰਟੇ ਦੇ ਅੰਦਰ ਕਰਵਾਈ ਆਰਟੀ ਪੀਸੀ ਆਰ ਰਿਪੋਰਟ ਲੈਕੇ ਆਉਣ ਲਾਜ਼ਮੀ ਹੋਵੇਗੀ। ਜਨਤਕ ਆਵਾਜਾਈ ਦੇ ਸਾਧਨ (ਬੱਸ, ਟੈਕਸੀ, ਆਟੋ) ਆਪਣੀ ਸਵਾਰੀਆਂ ਲਿਜਾਉਣ ਦੀ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੇ। ਸਾਰੇ ਵਿਦਿਅਕ ਆਦਰੇ ਸਕੂਲ ਤੇ ਕਾਲਜ ਬੰਦ ਰਹਿਣਗੇ, ਪ੍ਰੰਤੂ ਮੈਡੀਕਲ ਅਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਖੋਲੇ ਜਾ ਸਕਣਗੇ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਨੌਕਰੀਆਂ ਸਬੰਧੀ ਲਏ ਜਾਣ ਵਾਲੇ ਇਮਤਿਹਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਰਵਾਏ ਜਾ ਸਕਦੇ ਹਨ। ਇਸੇ ਤਰ੍ਹਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਸਾਰੀਆਂ ਖੇਡਾਂ ਅਤੇ ਟਰੇਨਿੰਗਾਂ ਕੀਤੀਆਂ ਜਾ ਸਕਦੀਆਂ ਹਨ। ਜ਼ਿਲ੍ਹੇ ਮੈਜਿਸਟਰੇਟ ਵਲੋਂ ਲਾਗੂ ਹੋਏ ਇਨ੍ਹਾਂ ਹੁਕਮਾਂ ’ਚ ਮਾਲ ਅਤੇ ਮਲਟੀਪਲੈਕਸ ਦੀਆਂ ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਦਰਮਿਆਨ ਖੁੱਲ ਸਕਣਗੀਆਂ ਤੇ ਰੈਸਟੋਰੈਂਟਾਂ, ਹੋਟਲਾਂ ਤੇ ਢਾਬਿਆਂ ਆਦਿ ਤੋਂ ਸਾਮਾਨ ਘਰ ਲਿਜਾਇਆ ਜਾ ਸਕੇਗਾ। ਜਦੋ ਕਿ ਇਹ ਅਦਾਰੇ ਰਾਤ 9 ਵਜੇ ਤੱਕ ਹੋਮ ਡਿਲਵਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਨਿੱਜੀ ਦਫ਼ਤਰ ਆਪਣੇ 50 ਫ਼ੀਸਦੀ ਸਟਾਫ਼ ਨਾਲ ਕੰਮ ਕਰ ਸਕਦੇ ਹਨ, ਜਦਕਿ ਸਰਕਾਰੀ ਦਫ਼ਤਰਾਂ ’ਚ ਹਾਜ਼ਰੀ ਦਾ ਫੈਸਲਾ ਵਿਭਾਗ ਦੇ ਮੁੱਖ ਦਫ਼ਤਰ ਵੱਲੋਂ ਲਿਆ ਜਾ ਸਕਦਾ ਹੈ, ਪਰ ਗੰਭੀਰ ਬਿਮਾਰੀਆਂ ਵਾਲੇ, ਦਿਵਿਆਂਗਜਨ ਕਰਮਚਾਰੀਆਂ ਨੂੰ ਛੋਟ ਦਿੱਤੀ ਜਾ ਸਕਦੀ ਹੈ। ਜ਼ਿਲ੍ਹੇ ਅੰਦਰ ਸਮੇਤ ਵਿਆਹਾਂ ਤੇ ਅੰਤਿਮ ਸੰਸਕਾਰਾਂ ਆਦਿ ਵਿਚ 20 ਵਿਅਕਤੀਆਂ ਤੋਂ ਵਧੇਰੇ ਕਿਸੇ ਵੀ ਇਕੱਠ ਦੀ ਇਜ਼ਾਜਤ ਨਹੀਂ ਹੋਵੇਗੀ, ਹਰੇਕ ਉਸ ਇਕੱਠ ਜਿਸ ’ਚ 20 ਤੋਂ ਵੱਧ ਵਿਅਕਤੀ ਇਕੱਠੇ ਹੋਣਗੇ, ਲਈ ਪ੍ਰਵਾਨਗੀ ਦੀ ਲੋੜ ਹੋਵੇਗੀ, ਮ੍ਰਿਤਕ ਪ੍ਰਾਣੀ ਦੇ ਅੰਤਿਮ ਸਸਕਾਰ ਲਈ ਪ੍ਰਵਾਨਗੀ ਤੋਂ ਛੋਟ ਹੋਵੇਗੀ। ਵਿਆਹਾਂ ਸਬੰਧੀ ਕਰਫਿਊ ਸਮਾਂ ਲਾਗੂ ਹੋਵੇਗਾ। ਹੁਕਮਾਂ ’ਚ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਦਫ਼ਤਰ ਲੋਕਾਂ ਦੀ ਮੁਸ਼ਕਲਾਂ ਵਰਚੂਅਲ/ਆਨਲਾਈਨ ਤਰੀਕੇ ਨਾਲ ਸੁਣਨ ਅਤੇ ਦਫ਼ਤਰ ’ਚ ਪਬਲਿਕ ਡਿੰਲੀਗ ਘੱਟ ਰੱਖੀ ਜਾਵੇ ਤੇ ਸਿਰਫ਼ ਨਾ ਟਲਣ ਵਾਲੇ ਹਾਲਾਤ ’ਚ ਹੀ ਆਗਿਆ ਦਿੱਤੀ ਜਾਵੇ।
ਛੋਟਾਂ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਵਿਡ ਸਬੰਧੀ ਵਿਵਹਾਰ ਦੀ ਪਾਲਣਾ ਕਰਦਿਆਂ ਹਸਪਤਾਲਾਂ, ਨਰਸਿੰਗ ਹੋਮਜ, ਵੈਟਰਨਰੀ ਹਸਪਤਾਲ, ਲੈਬਾਰਟਰੀਜ, ਮੈਡੀਕਲ ਅਦਾਰੇ ਤੇ ਸਾਰੇ ਨਿਜੀ ਤੇ ਸਰਕਾਰੀ ਖੇਤਰ ਦੇ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਦੇ ਅਦਾਰੇ ਤੇ ਇਨ੍ਹਾਂ ਨਾਲ ਸਬੰਧਤ ਆਵਾਜਾਈ ਨੂੰ ਲੋੜੀਂਦੇ ਦਸਤਾਵੇਜ ਦਿਖਾ ਕੇ ਚਲਣ ਦੀ ਛੋਟ ਹੈ। ਜ਼ਰੂਰੀ ਸਾਮਾਨ ਜਿਵੇ ਕਿ ਦੁੱਧ, ਡੇਅਰੀ ਉਤਪਾਤ, ਪੋਲਟਰੀ ਉਤਪਾਦ (ਆਂਡੇ, ਮੀਟ), ਸਬਜੀਆਂ ਤੇ ਫਲਾਂ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ, ਈ ਕਮਾਰਸ, ਵਸਤਾਂ ਦੀ ਢੋਆ-ਢੋਆਈ, ਪਿੰਡਾਂ ਤੇ ਸ਼ਹਿਰਾਂ ’ਚ ਉਸਾਰੀ ਗਤੀਵਿਧੀਆਂ ਵੀ ਕੀਤੀਆਂ ਜਾ ਸਕਦੀਆਂ ਹਨ।
ਮੱਛੀ ਪਾਲਣ ਨਾਲ ਸਬੰਧਤ ਸੇਵਾਵਾਂ ਜਿਸ ਮੱਛੀ, ਮੀਟ ਅਤੇ ਫ਼ਿਸ ਸੀਡ ਨੂੰ ਪਾਬੰਦੀ ਦੌਰਾਨ ਛੋਟ ਦਿੱਤੀ ਗਈ ਹੈ। ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਛੋਟ ਰਹੇਗੀ, ਵੈਕਸੀਨੇਸ਼ਨ ਕੈਂਪ ਲੱਗਣਗੇ। ਉਤਪਾਦਨ ਉਦਯੋਗ ਤੇ ਸੇਵਾ ਖੇਤਰ ਦੀ ਇੰਡਸਟਰੀ ਤੇ ਇਨ੍ਹਾਂ ਨਾਲ ਸਬੰਧਤ ਮੁਲਾਜਮਾਂ ਦੀ ਆਵਾਜਾਈ ਨੂੰ ਵੀ ਛੋਟ ਹੈ, ਪੈਟਰੋਲ ਪੰਪਾਂ, ਗੈਸ ਸਟੇਸ਼ਨਾਂ, ਆਈ.ਟੀ. ਟੈਲੀਕਮਿਉਨੀਕੇਸ਼ਨ, ਇੰਟਰਨੈਟ ਬਰਾਡਕਾਸਟਿਕ ਤੇ ਕੇਬਲ ਸੇਵਾਵਾਂ, ਬਿਜਲੀ ਨਾਲ ਸਬੰਧਤ, ਕੋਲਡ ਤੇ ਵੇਅਰਹਾਊਸ ਸੇਵਾਵਾਂ, ਬੈਂਕਾਂ, ਏ.ਟੀ.ਐਮ. ਕੈਸ਼ ਵੈਨਾਂ ਆਦਿ ਨੂੰ ਵੀ ਛੋਟ ਰਹੇਗੀ।