ਚੰਡੀਗੜ੍ਹ : ਪੰਜਾਬ ਯੂਨੀਵਰਸਟੀ ਨੇ ਕੋਰੋਨਾ ਪਾਬੰਦੀਆਂ ਵਿਚ ਦਿਤੀ ਢਿੱਲ 24 ਘੰਟਿਆਂ ਦੇ ਅੰਦਰ ਹੀ ਵਾਪਸ ਲੈ ਲਈ ਹੈ। ਪੀ.ਯੂ ਦੇ ਬੁਲਾਰੇ ਅਨੁਸਾਰ ਯੂ.ਟੀ ਦੇ ਸਿਖਿਆ ਸਕੱਤਰ ਵਲੋਂ ਜਾਰੀ ਹਦਾਇਤਾਂ ਦੇ ਮਦੇਨਜ਼ਰ ਪੀ.ਯੂ. ਦੇ ਦਫ਼ਤਰ ਹੁਣ ਸਵੇਰੇ 9 ਵਜੇ ਤੋਂ 2 ਵਜੇ ਦੁਪਹਿਰ ਤਕ ਹੀ ਖੁਲ੍ਹਣਗੇ। ਉਹ ਵੀ ਅੱਧੇ ਸਟਾਫ਼ ਦੀ ਹਾਜ਼ਰੀ ਨਾਲ, ਬਾਕੀ ਦਾ ਅੱਧਾ ਸਟਾਫ਼ ਘਰੋਂ ਹੀ ਕੰਮ ਕਰੇਗਾ। ਤਾਜ਼ਾ ਹਦਾਇਤਾਂ 18 ਜੂਨ ਤਕ ਲਾਗੂ ਰਹਿਣਗੀਆਂ। ਇਸ ਸਮੇਂ ਦੌਰਾਨ ਦਫ਼ਤਰਾਂ ਵਿਚ ਆਮ ਲੋਕਾਂ ਦੇ ਆਉਣ ’ਤੇ ਵੀ ਪਾਬੰਦੀ ਰਹੇਗੀ।
ਪੰਜਾਬ ਯੂਨੀਵਰਸਟੀ ਨੇ ਏ.ਸੀ. ਜੋਸ਼ੀ ਲਾਇਬਰੇਰੀ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹਾਲਾਕਿ ਬਾਹਰਲੇ ਲੋਕਾਂ ’ਤੇ ਪਾਬੰਦੀ ਰਹੇਗੀ। ਯੂਨੀਵਰਸਟੀ ਨੇ ਦੂਜੇ ਚੌਥੇ ਅਤੇ ਛੇਵੇ ਸਮੈਸਟਰ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਕਰਾਉਣ ਦੀ ਤਰੀਕ 30 ਜੂਨ ਤਕ ਵਧਾ ਦਿਤੀ ਗਈ ਹੈ। ਪਹਿਲਾਂ ਇਹ 26 ਜੂਨ ਤਕ ਮੁਕੰਮਲ ਹੋਣੀਆਂ ਸਨ। ਇਸ ਤੋਂ ਇਲਾਵਾ ਯੂਨੀਵਰਸਟੀ ਬੀਐਸਸੀ ਆਨਰਜ਼ ਬਾਇਉ ਤਕਨੌਲੋਜੀ 5ਵੇਂ ਸਮੈਸਟਰ ਅਤੇ ਐਮਏ ਲੋਕ ਪ੍ਰਸ਼ਾਸਨ ਤੀਜੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ ਹੈ।