ਚੰਡੀਗੜ੍ਹ : ਜਦੋਂ ਦੇਸ਼ ਵਿੱਚ ਕੋਵਿਡ-19 ਦੇ ਘਟਣ ਦੇ ਰੁਝਾਨ ਦੇਖੇ ਜਾ ਰਹੇ ਹਨ, ਉਸ ਵਿਚਾਲੇ ਮਿਊਕਰਮਾਇਕੋਸਿਸ ਜਾਂ ਬਲੈਕ ਫੰਗਸ ਦਾ ਖ਼ਤਰਾ ਜ਼ਿਆਦਾਤਰ ਠੀਕ ਹੋ ਚੁੱਕੇ ਮਰੀਜ਼ਾਂ 'ਤੇ ਭਾਰੀ ਪੈ ਰਿਹਾ ਹੈ। ਬਲੈਕ ਫੰਗਸ ਨਾਲ ਪੰਜਾਬ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਤੱਕ ਇਹ ਅੰਕੜਾ 52 ਪਹੁੰਚ ਗਿਆ ਹੈ। ਜਦਕਿ ਹੁਣ ਤੱਕ ਸਿਰਫ਼ 38 ਲੋਕਾਂ ਦਾ ਹੀ ਇਲਾਜ ਹੋ ਸਕਿਆ ਹੈ। ਇੱਕ ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਲੈਕ ਫੰਗਸ ਦੀ ਮੌਤ ਦਰ ਕੋਵਿਡ ਦੇ ਵਾਇਰਸ ਨਾਲੋਂ ਬਹੁਤ ਜ਼ਿਆਦਾ ਹੈ। ਇਸ ਵਿੱਚ ਤੁਰੰਤ ਕਾਰਵਾਈ ਜ਼ਿੰਦਗੀ ਨੂੰ ਬਚਾਉਣ ਲਈ ਸਮੇਂ ਦੀ ਸਭ ਤੋਂ ਮਹੱਤਵਪੂਰਨ ਲੋੜ ਹੈ। ਬਲੈਕ ਫੰਗਸ ਵਜੋਂ ਮਸ਼ਹੂਰ ਮਿਊਕਰਮਾਇਕੋਸਿਸ ਨਾਲ ਜੁੜੇ ਜ਼ਿਆਦਾਤਰ ਮਰੀਜ਼ ਪੰਜਾਬ ਵਿੱਚ 45 ਸਾਲ ਦੀ ਉਮਰ ਤੋਂ ਉੱਪਰ ਹਨ। ਸੂਬੇ ਦੇ ਸਿਹਤ ਵਿਭਾਗ ਕੋਲ ਉਪਲਬਧ ਅੰਕੜੇ ਦੱਸਦੇ ਹਨ ਕਿ ਨਾਬਾਲਗਾਂ ਵਿੱਚ ਇੱਕ ਮਾਮਲੇ ਦੀ ਪੁਸ਼ਟੀ ਹੋ ਸਕੀ ਹੈ। ਮੰਗਲਵਾਰ 8 ਜੂਨ ਤੱਕ, ਪੰਜਾਬ ਵਿੱਚ ਕੁੱਲ 391 ਲੋਕਾਂ ਵਿੱਚ ਫੰਗਲ ਇਨਫੈਕਸ਼ਨ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 342 ਮਾਮਲੇ ਪੰਜਾਬ ਵਾਸੀਆਂ ਦੇ ਹਨ ਅਤੇ 49 ਹੋਰਨਾਂ ਸੂਬਿਆਂ ਤੋਂ ਇਲਾਜ ਕਰਵਾਉਣ ਆਏ ਮਰੀਜ਼ਾਂ ਦੇ ਹਨ। ਸੂਬੇ ਭਰ ਦੇ ਹਸਪਤਾਲਾਂ ਵਿੱਚ 276 ਲੋਕ ਜ਼ੇਰੇ ਇਲਾਜ ਹਨ, ਜਦਕਿ ਅੱਜ ਤੱਕ 38 ਵਿਅਕਤੀਆਂ ਦਾ ਇਲਾਜ ਹੋ ਗਿਆ ਹੈ। ਇਸ ਦੇ ਨਾਲ ਹੀ ਮਰਨ ਵਾਲੇ 52 ਲੋਕਾਂ ਵਿੱਚੋਂ 47 ਪੰਜਾਬ ਦੇ ਅਤੇ ਬਾਕੀ ਹੋਰਨਾਂ ਸੂਬਿਆਂ ਵਿੱਚੋਂ ਹਨ (ਜੋ ਕਿ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਆਏ ਸਨ)।