ਮਾਲੇ : ਔਰਤ ਇਕ ਸਮੇਂ ਵਿਚ ਇਕ ਜਾਂ ਫਿਰ ਦੋ ਬੱਚਿਆਂ ਨੂੰ ਹੀ ਜਨਮ ਦੇ ਸਕਦੀਆਂ ਹਨ ਜਾਂ ਫਿਰ ਬਹੁਤ ਹੀ ਘੱਟ ਮਾਮਲਿਆਂ 'ਚ ਉਹ 3 ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਕ ਔਰਤ ਨੇ ਇੱਕੋ ਵੇਲੇ 9 ਬੱਚਿਆਂ ਨੂੰ ਜਨਮ ਦਿੱਤਾ ਤਾਂ ਸ਼ਾਇਦ ਤੁਸੀਂ ਇਸ ਗੱਲ 'ਤੇ ਯਕੀਨ ਨਹੀਂ ਕਰੋਗੇ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਹੈ।
ਜੀ ਹਾਂ ਪੱਛਮੀ ਅਫਰੀਕਾ ਦੇ ਮਾਲੇ ਦੀ ਇਕ ਔਰਤ ਦੀ ਡਲਿਵਰੀ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਸਿਰਫ਼ 25 ਸਾਲ ਦੀ ਹਲੀਮਾ ਨਾਂ ਦੀ ਇਸ ਔਰਤ ਨੇ ਇਕੱਠੇ 9 ਬੱਚਿਆਂ ਨੂੰ ਜਨਮ ਦਿੱਤਾ ਹੈ ਜੋ ਵੀ ਇਸ ਘਟਨਾ ਬਾਰੇ ਸੁਣ ਰਿਹਾ ਹੈ ਮੰਨੋ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਡਲਿਵਰੀ 'ਚ ਕੁਝ ਦਿੱਕਤ ਹੋਣ ਕਾਰਨ ਉੱਥੋਂ ਦੀ ਸਰਕਾਰ ਵੱਲੋਂ ਔਰਤ ਦਾ ਮੋਰੱਕੋ 'ਚ ਇਲਾਜ ਕਰਵਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਸਨ।
ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਹਾਲਤ ਵੀ ਕਾਫੀ ਨਾਜ਼ੁਕ ਸੀ।
ਜਾਣਕਾਰੀ ਅਨੁਸਾਰ 4 ਮਈ ਨੂੰ ਇਕ ਮਾਲੇ ਔਰਤ ਨੇ ਜਿਨ੍ਹਾਂ ਨੌਂ ਬੱਚਿਆਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਦੀ ਹਾਲਤ ਹੁਣ ਸੁਧਰ ਰਹੀ ਹੈ ਪਰ ਉਨ੍ਹਾਂ ਨੂੰ 2 ਮਹੀਨੇ ਹੋਰ ਆਬਜ਼ਰਵੇਸ਼ਨ ਵਿਚ ਰੱਖਣ ਦੀ ਜ਼ਰੂਰਤ ਹੈ। ਐਨ ਬੋਰਜਾ ਕਲੀਨਿਕ ਦੇ ਬੁਲਾਰੇ ਅਬਦੇਲਕੋਦਸ ਹਾਫਸੀ ਨੇ ਦੱਸਿਆ ਕਿ ਇਹ 9 ਬੱਚੇ ਹੁਣ ਬਿਨਾਂ ਕਿਸੇ ਮੈਡੀਕਲ ਉਪਕਰਨ ਦੇ ਸਾਹ ਲੈ ਰਹੇ ਹਨ। ਜਦੋਂ ਇਹ ਪੈਦਾ ਹੋਏ ਸਨ ਉਦੋਂ ਇਨ੍ਹਾਂ ਨੂੰ ਸਾਹ ਲੈਣ ਵਿਚ ਸਮੱਸਿਆ ਆ ਰਹੀ ਸੀ, ਪਰ ਹੁਣ ਇਹ ਇਸ ਸਮੱਸਿਆ ਤੋਂ ਉੱਭਰ ਚੁੱਕੇ ਹਨ।
ਅਬਦੇਲਕੋਦਸ ਹਾਫਸੀ ਨੇ ਅੱਗੇ ਦੱਸਿਆ ਕਿ ਫਿਲਹਾਲ ਬੱਚਿਆਂ ਨੂੰ ਟਿਊਬ ਰਾਹੀਂ ਦੁੱਧ ਪਿਆਇਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਭਾਰ ਵੀ ਵਧਿਆ ਹੈ। ਹੁਣ ਇਨ੍ਹਾਂ ਦਾ ਵਜ਼ਨ 800 ਗ੍ਰਾਮ ਤੇ 1.4 ਕਿੱਲੋਗ੍ਰਾਮ ਦੇ ਵਿਚਕਾਰ ਹੋ ਗਿਆ ਹੈ। ਇਨ੍ਹਾਂ 9 ਬੱਚਿਆਂ ਵਿਚ ਪੰਜ ਕੁੜੀਆਂ ਤੇ ਚਾਰ ਮੁੰਡੇ ਸ਼ਾਮਲ ਹਨ। ਬੱਚਿਆਂ ਦੀ ਮਾਂ ਇਨ੍ਹਾਂ ਦੇ ਕੋਲ ਹੀ ਰਹਿ ਰਹੀ ਹੈ ਤੇ ਇਨ੍ਹਾਂ ਨੂੰ ਬਿਨਾ ਕਿਸੇ ਮੈਡੀਕਲ ਮਦਦ ਦੇ ਜ਼ਿੰਦਗੀ ਸ਼ੁਰੂ ਕਰਨ ਵਿਚ ਹਾਲੇ ਡੇਢ ਤੋਂ ਦੋ ਮਹੀਨੇ ਦਾ ਸਮਾਂ ਹੋਰ ਲੱਗੇਗਾ। ਦੱਸ ਦੇਈਏ ਕਿ 10 ਡਾਕਟਰ ਤੇ 25 ਨਰਸਾਂ ਦੀ ਮੈਡੀਕਲ ਟੀਮ ਨੇ ਆਪ੍ਰੇਸ਼ਨ ਜ਼ਰੀਏ ਇਹ ਡਲਿਵਰੀ ਕਰਵਾਈ ਸੀ।