ਵਾਸ਼ਿੰਗਟਨ : Facebook ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੋ ਸਾਲ ਲਈ ਆਪਣੇ ਪਲੇਟਫਾਰਮ 'ਤੇ ਬੈਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਈ ਵਿੱਚ ਸੋਸ਼ਲ ਮੀਡੀਆ ਨੈੱਟਵਰਕ ਦੇ ਓਵਰਸਾਈਟ ਬੋਰਡ ਨੇ ਫੇਸਬੁੱਕ 'ਤੇ ਟਰੰਪ ਦੇ ਅਕਾਉਂਟ ਦੇ ਮੁਅੱਤਲ ਨੂੰ ਬਰਕਰਾਰ ਰੱਖਣ ਦੇ ਪੱਖ ਵਿੱਚ ਰਾਏ ਦਿੱਤੀ ਸੀ। 6 ਜਨਵਰੀ ਨੂੰ ਅਮਰੀਕੀ ਸੰਸਦ ਕੰਪਲੈਕਸ ਵਿੱਚ ਹੋਈ ਹਿੰਸਾ ਤੋਂ ਬਾਅਦ ਟਰੰਪ ਦੇ ਅਕਾਉਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਟਰੰਪ 'ਤੇ ਇਸ ਘਟਨਾ ਲਈ ਆਪਣੇ ਸਮਰਥਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ।
ਬੋਰਡ ਨੇ ਮਈ ਵਿੱਚ ਕਿਹਾ ਸੀ ਕਿ, “ਫੇਸਬੁੱਕ ਲਈ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਲਈ ਇੱਕ ਮਿਆਰੀ-ਘੱਟ ਜੁਰਮਾਨਾ ਲਾਉਣਾ ਉਚਿਤ ਨਹੀਂ ਸੀ।" ਉਸ ਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਗਾਏ ਗਈ “ਮਨਮਾਨੇ ਜ਼ੁਰਮਾਨੇ” ਖ਼ਿਲਾਫ਼ ਮੁੜ ਜਾਂਚ ਕਰ ਕੋਈ ਹੋਰ ਜ਼ੁਰਮਾਨਾ ਤੈਅ ਕਰਣ ਲਈ ਛੇ ਮਹੀਨੇ ਦਾ ਸਮਾਂ ਹੈ, ਜਿਸ ਨਾਲ “ਉਲੰਘਣਾ ਦੀ ਗੰਭੀਰਤਾ ਅਤੇ ਭਵਿੱਖ ਵਿੱਚ ਨੁਕਸਾਨ ਦੀ ਸੰਭਾਵਨਾ” ਨਜ਼ਰ ਆਉਂਦੀ ਹੋਵੇ।
ਬੋਰਡ ਨੇ ਕਿਹਾ ਸੀ ਕਿ ਫੇਸਬੁੱਕ ਜੇਕਰ ਟਰੰਪ ਦੇ ਅਕਾਉਂਟ ਨੂੰ ਬਹਾਲ ਕਰਣ ਦਾ ਫੈਸਲਾ ਕਰਦਾ ਹੈ ਤਾਂ ਕੰਪਨੀ ਨੂੰ ਅੱਗੇ ਹੋਣ ਵਾਲੇ ਉਲੰਘਣ ਦਾ ਤੱਤਕਾਲ ਪਤਾ ਲਗਾਉਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਟਰੰਪ ਨੂੰ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਸਥਾਈ ਰੂਪ ਨਾਲ ਪਾਬੰਦੀਸ਼ੁਦਾ ਕੀਤਾ ਜਾ ਚੁੱਕਾ ਹੈ।