ਚੰਡੀਗੜ੍ਹ : ਜਗਰਾਉਂ 'ਚ ਕਤਲ ਕੀਤੇ ਗਏ ਦੋ ਥਾਣੇਦਾਰਾਂ ਦੇ ਮਾਮਲੇ ਵਿੱਚ ਅੱਜ ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੀ ਨਵੀਂ ਦਾਣਾ ਮੰਡੀ 'ਚ ਦੋ ਥਾਣੇਦਾਰਾਂ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਇਕ ਚਿੱਟੇ ਰੰਗ ਦੀ ਕਾਰ ਤੇ ਲਾਲ ਰੰਗ ਦੇ ਕੈਂਟਰ ’ਚ ਸਵਾਰ ਸਨ, ਜੋ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ। ਇਸ ਦਰਮਿਆਨ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੈਪਾਲ ਭੁੱਲਰ ਦੇ ਦੋਵੇਂ ਸਾਥੀ ਗੈਂਗਸਟਰਾਂ ਨੂੰ ਅੱਜ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਕੁੱਝ ਦਿਨ ਪਹਿਲਾ ਇਨ੍ਹਾਂ ਨੇ ਜਗਰਾਉਂ ਪੁਲਿਸ ਦੇ ਦੋ ਥਾਣੇਦਾਰਾਂ ਦਾ ਰਿਵਾਲਵਰਾਂ ਨਾਲ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਤੋਂ ਹੀ ਜਗਰਾਉਂ ਪੁਲਿਸ ਅਤੇ ਪੰਜਾਬ ਪੁਲਿਸ ਦੀਆ ਟੀਮਾਂ ਪੂਰੇ ਪੰਜਾਬ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀਆਂ ਸੀ। ਜਿਸ ਤੋਂ ਬਾਅਦ ਅੱਜ 4 ਦੋਸ਼ੀਆਂ ਵਿੱਚੋਂ 2 ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਪੁਲੀਸ ਟੀਮ ਅੱਜ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਅਦਾਲਤ ਵਿੱਚ ਪੇਸ਼ ਕਾਰਨ ਤੋਂ ਬਾਅਦ ਰਿਮਾਂਡ ਹਾਸਿਲ ਕਰੇਗੀ।