ਬਾਰਸੀਲੋਨਾ : ਸਜਾਵਟ ਲਈ ਰੱਖੀ ਗਈ ਇਕ ਮੂਰਤੀ ਵਿਚ ਇਕ ਨੌਜਵਾਨ ਫ਼ਸ ਗਿਆ ਅਤੇ ਉਸ ਦੀ ਮੌਤ ਹੋ ਗਈ, ਹੁਣ ਪੁਲਿਸ ਇਸ ਜਾਂਚ ਵਿਚ ਲੱਗੀ ਹੈ ਕਿ ਆਖ਼ਰ ਇਹ ਹਾਦਸਾ ਕਿਵੇਂ ਹੋਇਆ। ਦਰਅਸਲ ਡਾਇਨਾਸੌਰ ਦੀ ਵਿਸ਼ਾਲ ਮੂਰਤੀ ਕਿਸੇ ਦੀ ਮੌਤ ਦਾ ਕਾਰਨ ਬਣ ਗਈ ਹੈ। ਅਜਿਹਾ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਸਪੇਨ ਦੇ ਬਾਰਸੀਲੋਨਾ ’ਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦਾ ਮੋਬਾਈਲ ਮੂਰਤੀ ਅੰਦਰ ਡਿੱਗ ਗਿਆ ਸੀ ਜਿਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਖ਼ੁਦ ਵੀ ਉਸ ਦੇ ਅੰਦਰ ਡਿੱਗ ਗਿਆ ਤੇ ਉਥੇ ਫਸਣ ਕਾਰਨ ਉਸ ਦੀ ਮੌਤ ਹੋ ਗਈ। ਲਾਪਤਾ ਨੌਜਵਾਨ ਦੀ ਲਾਸ਼ ਡਾਇਨਾਸੌਰ ਦੀ ਵੱਡੀ ਮੂਰਤੀ ਦੇ ਅੰਦਰ ਮਿਲੀ। ਇਹ ਮੂਰਤੀ ਬਾਰਸੀਲੋਨਾ ਦੇ ਸੈਟੇਲਾਈਟ ਟਾਊਨ ’ਚ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਡਾਇਨਾਸੌਰ ਦੇ ਢਿਡ ਰਾਹੀਂ ਅੰਦਰ ਗਿਆ ਹੋਵੇਗਾ ਤੇ ਉਸ ਦੇ ਪੈਰ ਦੇ ਹਿੱਸੇ ’ਚ ਡਿੱਗ ਗਿਆ ਜਿੱਥੇ ਫਸਣ ਨਾਲ ਉਸ ਦੀ ਮੌਤ ਹੋ ਗਈ। ਸਪੈਨਿਸ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਰਸੀਲੋਨਾ ਦੇ ਸੈਂਟਾ ਕੋਲੋਮਾ ਡੇ ਗ੍ਰਾਮੇਨੇਟ ’ਚ ਸਥਿਤ ਪੇਪੀਅਰ ਮੈਕ ਤੋਂ ਆ ਰਹੀ ਬੁਦਬੂ ਨੇ ਇਕ ਪਿਤਾ-ਪੁੱਤਰ ਦੀ ਜੋੜੀ ਦਾ ਧਿਆਨ ਆਪਣੇ ਵੱਲ ਖਿੱਚਿਆ ਤਾਂ ਇਸ ਤੋਂ ਬਾਅਦ ਪਿਤਾ ਨੇ ਡਾਇਨਾਸੌਰ ਦੇ ਪੈਰ ’ਚ ਪਈ ਦਰਾਰ ’ਚ ਦੇਖਿਆ ਤਾਂ ਅੰਦਰ ਲਾਸ਼ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਤੇ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੜਤਾਲ ਸ਼ੁਰੂ ਕੀਤੀ ਤੇ ਪੁਲਿਸ ਮੁਤਾਬਕ ਪਰਿਵਾਰ ਨੇ ਇਸ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।